ਅਮਨਦੀਪ ਸਿੰਘ ਮਹਿਰਾ, ਮਲੋਟ

ਪਿੰਡ ਵੜਿੰਗ ਖੇੜਾ ਵਿਖੇ ਪਾਈਪ ਲਾਈਨ ਪਾਉਣ ਨੂੰ ਲੈ ਕੇ ਕਿਸਾਨਾਂ 'ਚ ਕੀਤੇ ਪੱਖਪਾਤ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਭੂਮੀ ਰੱਖਿਆ ਵਿਭਾਗ ਦੇ ਉਪ ਮੰਡਲ ਦਫ਼ਤਰ ਵਿਖੇ ਧਰਨਾ ਲਾਇਆ ਗਿਆ। ਇਸ ਮੌਕੇ ਕਿਸਾਨਾਂ ਨੇ ਮਹਿਕਮੇਂ ਦੇ ਐਸਡੀਓ ਅਤੇ ਜੇਈ ਵਿਰੁੱਧ ਨਾਅਰੇਬਾਜੀ ਕੀਤੀ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ, ਮੀਤ ਪ੍ਰਧਾਨ ਹਰਪਾਲ ਸਿੰਘ ਕਿੱਲਿਆਵਾਲੀ, ਨੌਜਵਾਨ ਭਾਰਤ ਸਭਾ ਦੇ ਜਗਦੀਪ ਖੁੱਡੀਆਂ, ਭੁਪਿੰਦਰ ਸਿੰਘ ਚੰਨੂੰ, ਤਰਸੇਮ ਸਿੰਘ ਮਿੱਠੜੀ, ਨੈਬ ਸਿੰਘ ਮਹਿਣਾ, ਸੁਖਵੀਰ ਸਿੰਘ ਵੜਿੰਗ ਖੇੜਾ ਸਮੇਤ ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਵੜਿੰਗ ਖੇੜਾ ਦੇ ਕਈ ਕਿਸਾਨਾਂ ਕੋਲੋਂ ਚਾਰ-ਪੰਜ ਸਾਲ ਪਹਿਲਾਂ ਪਾਈਪ ਲਾਉਣ ਪਾਉਣ ਲਈ ਕਈ ਕਿਸਾਨਾਂ ਤੋਂ ਪੈਸੇ ਭਰਾ ਲਏ ਜਿਸ 'ਚ ਗੁਰਤੇਜ ਸਿੰਘ ਪੁੱਤਰ ਲਾਲ ਸਿੰਘ ਨੇ 93 ਹਜ਼ਾਰ ਤੇ ਸ਼ਿਵਰਾਜ ਸਿੰਘ ਪੁੱਤਰ ਲਾਲ ਸਿੰਘ ਨੇ 80 ਹਜ਼ਾਰ ਰੁਪਏ ਜਮ੍ਹਾਂ ਕਰਾਏ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਕਿਸਾਨਾਂ ਨੇ ਮਹਿੰਗੀਆਂ ਵਿਆਜ ਦਰਾਂ ਤੇ ਕਰਜ਼ਾ ਲੈ ਕੇ ਇਹ ਪੈਸੇ ਭਰੇ ਹਨ ਪਰ ਪਹੁੰਚ ਵਾਲੇ ਵਿਅਕਤੀਆਂ ਦੀ ਪਾਈਪ ਲਾਈਨ ਪਾ ਕੇ ਹੁਣ ਬਾਕੀ ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਪੈਸੇ ਵਾਪਸ ਲੈ ਲਓ ਤੁਹਾਡੀ ਪਾਈਪ ਨਹੀਂ ਪੈ ਸਕਦੀ। ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਮਹਿਕਮੇਂ ਅੰਦਰ ਫੈਲੇ ਵੱਡੇ ਪੱਧਰ ਤੇ ਭਿ੍ਸ਼ਟਚਾਰ ਤਹਿਤ ਕੀਤੇ ਕੰਮਾਂ ਦੀ ਵੀ ਜਾਂਚ ਕੀਤੀ ਜਾਵੇ। ਉਨ੍ਹਾਂ ਦੋਸ਼ ਲਾਉਦਿਆਂ ਕਿਹਾ ਕੀ ਅਫਸਰ ਸਾਨੂੰ ਲੀਡਰਾਂ ਦੇ ਗੋਡੇ ਘੁੱਟ ਕੇ ਸਫਾਰਸ਼ ਕਰਵਾਉਣ ਨੂੰ ਕਹਿ ਰਹੇ ਹਨ। ਉਧਰ ਐੱਸਡੀਓ ਇੰਦਰਜੀਤ ਸਿੰਘ ਤੇ ਜੇਈ ਦਵਿੰਦਰ ਸਿੰਘ ਦਾ ਕਹਿਣਾ ਕਿ ਇਨ੍ਹਾਂ ਖੇਤਾਂ ਨੂੰ ਪਾਣੀ ਪਹਿਲਾਂ ਲੱਗ ਰਿਹਾ ਹੈ ਅਤੇ ਇਹ ਪਾਈਪ ਲਾਈਨਾਂ ਗਲਤ ਹੋਣ ਕਰਕੇ ਕੱਟ ਦਿੱਤੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਨੀਅਨ ਦੀ ਆੜ 'ਚ ਉਨ੍ਹਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।