ਅਮਨਦੀਪ ਮਹਿਰਾ, ਮਲੋਟ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਦਰਜ਼ਨ ਭਰ ਆਗੂ ਬੀਕੇਯੂ ਮਾਨਸਾ 'ਚ ਸ਼ਾਮਲ ਹੋਏ। ਇਸ ਮੌਕੇ ਬੀਕੇਯੂ ਮਾਨਸਾ ਦੇ ਸੂਬਾਈ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਸਾਨਾਂ ਦਾ ਸਵਾਗਤ ਕੀਤਾ। ਪਿੰਡ ਅਸਪਾਲ ਦੇ ਸਰਪੰਚ ਕੁਲਜਿੰਦਰ ਸਿੰਘ ਸਿੱਧੂ ਦੇ ਗ੍ਹਿ ਵਿਖੇ ਲੱਖੋਵਾਲ ਦੇੇ ਸੀ. ਮੀਤ ਪ੍ਰਧਾਨ ਇੰਦਰਜੀਤ ਸਿੰਘ ਸੰਧੂ ਅਸਪਾਲ, ਜਨਰਲ ਸਕੱਤਰ ਜੁਗਰਾਜ ਸਿੰਘ ਰੰਧਾਵਾ, ਜ਼ਿਲ੍ਹਾ ਸਕੱਤਰ ਮਨਜੀਤ ਸਿੰਘ ਕਬਰਵਾਲਾ, ਗੁਰਪ੍ਰਰੀਤ ਸਿੰਘ ਵਿਰਕ ਖੇੜਾ ਸਮੇਤ ਵੱਡੀ ਗਿਣਤੀ 'ਚ ਆਗੂ ਲੱਖੋਵਾਲ ਛੱਡਕੇ ਬੀਕੇਯੂ ਮਾਨਸਾ ਵਿਚ ਸ਼ਾਮਲ ਹੋ ਗਏ। ਇਸ ਮੌਕੇ ਲੱਖੋਵਾਲ ਗਰੁੱਪ ਨੂੰ ਛੱਡਕੇ ਮਾਨਸਾ 'ਚ ਸ਼ਾਮਲ ਹੋਏ ਆਗੂਆਂ ਨੇ ਕਥਿਤ ਦੋਸ਼ ਲਗਾਇਆ ਕਿ ਲੱਖੋਵਾਲ ਗਰੁੱਪ ਦਾ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਆਰਐੱਸਐੱਸ ਦਾ ਬੰਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਜਪਾ ਵਿਧਾਇਕ ਅੰਕੁਸ਼ ਨਾਰੰਗ ਵਾਲੀ ਘਟਨਾ 'ਚ ਉਨ੍ਹਾਂ ਵਿਰੁੱਧ ਮਾਮਲਾ ਦਰਜ ਹੋਣ 'ਤੇ ਉਸਦੀ ਸਾਰ ਨਹੀਂ ਲਈ ਅਤੇ ਜ਼ਿਲ੍ਹਾ ਪ੍ਰਧਾਨ ਜਥੇਬੰਦੀ ਦੀਆਂ ਮੀਟਿੰਗਾਂ 'ਚ ਹੋਈਆਂ ਗੱਲਾਂ ਨੂੰ ਭਾਜਪਾ ਹਾਈਕਮਾਂਡ ਤਕ ਪਹੁੰਚਾਉਂਦਾ ਰਿਹਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕਿਸਾਨ ਸੰਘਰਸ਼ ਭਾਵੇਂ ਲੰਮਾ ਸਮਾਂ ਚੱਲੇ ਪਰ ਇਸ ਨਾਲ ਭਾਜਪਾ ਦਾ ਨੁਕਸਾਨ ਜ਼ਰੂਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣੇ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ। ਇਸ ਤੋਂ ਇਲਾਵਾ ਯੂਪੀ ਦੀਆਂ ਪੰਚਾਇਤ ਚੋਣਾਂ ਵਿਚ ਭਾਜਪਾ ਦੀ ਹਾਰ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਆਰ ਪਾਰ ਦੀ ਲੜਾਈ ਲੜ ਰਹੀਆਂ ਹਨ ਇਸ ਲਈ ਇਕ ਪਾਸਾ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਲੱਖੋਵਾਲ ਦੇ ਆਗੂਆਂ ਦੀ ਸ਼ਮੂਲੀਅਤ ਬਾਰੇ ਉਨ੍ਹਾਂ ਕਿਹਾ ਕਿ ਸਮੂਹ ਕਿਸਾਨ ਆਗੂਆਂ ਨੂੰ ਖੁੱਲ ਹੈ ਕਿ ਉਹ ਜਿਸ ਮਰਜ਼ੀ ਜਥੇਬੰਦੀ ਨਾਲ ਜਾਣ ਪਰ ਸਭ ਦਾ ਮਸਕਦ ਇਸ ਵਕਤ ਦੇਸ਼ ਅੰਦਰ ਸਰਮਾਏਦਾਰੀ ਨਾਲ ਲੜਕੇ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਾਉਣਾ ਹੈ। ਇਸ ਮੌਕੇ ਐਡਵੋਕੇਟ ਬਲਕਰਨ ਸਿੰਘ, ਕੁਲਜਿੰਦਰ ਸਿੰਘ ਸਿੱਧੂ ਸਰਪੰਚ, ਜਰਨੈਲ ਸਿੰਘ ਰੋੜਾਂਵਾਲੀ, ਜਸਵੀਰ ਸਿੰਘ, ਮੰਗਤ ਸਿੰਘ ਅਸਪਾਲ ਸਮੇਤ ਆਗੂ ਹਾਜ਼ਰ ਸਨ।

ਓਧਰ ਇਸ ਸਬੰਧੀ ਗੱਲ ਕਰਨ ਲਈ ਲੱਖੋਵਾਲ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਨਾਲ ਫੋਨ ਅਤੇ ਵਟਸਅੱਪ ਜਰੀਏ ਵਾਰ-ਵਾਰ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।