ਸ਼ਿਵਰਾਜ ਸਿੰਘ ਰਾਜੂ, ਸ੍ਰੀ ਮੁਕਤਸਰ ਸਾਹਿਬ : ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਡਿਪਟੀ ਕਮਿਸ਼ਨਰ ਰਾਹੀਂ ਮਾਲਵੇ ਖਿੱਤੇ 'ਚ ਭਾਰੀ ਮੀਂਹ ਨਾਲ ਹੋਈ ਫ਼ਸਲਾਂ, ਘਰਾਂ, ਮਕਾਨਾਂ ਦੀ ਤਬਾਹੀ ਅਤੇ ਜਾਨ-ਮਾਲ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਤੁਰੰਤ ਕਰਵਾਉਣ ਦੇ ਨਾਲ ਪੂਰਾ ਮੁਆਵਜ਼ਾ ਦੇਣ ਦਾ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਂ ਦੇ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਤੇ ਜ਼ਿਲ੍ਹਾ ਜਰਨਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਇਸ ਭਾਰੀ ਤਬਾਹੀ ਲਈ ਕੇਂਦਰ ਤੇ ਪੰਜਾਬ ਸਰਕਾਰਾਂ ਨੇ ਨਹਿਰਾਂ, ਰਜਬਾਹਿਆਂ, ਸੇਮ ਨਾਲਿਆਂ ਅਤੇ ਸੀਵਰੇਜ ਦੀ ਲੋੜੀਦੀ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਇਸ ਤਬਾਹੀ ਲਈ ਕੇਂਦਰ ਤੇ ਪੰਜਾਬ ਸਰਕਾਰਾਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਨੀਵੇਂ ਥਾਵਾਂ ਵਾਲੀਆਂ ਜ਼ਮੀਨਾਂ ਵਿੱਚ ਇੱਕੱਠੇ ਹੁੰਦੇ ਪਾਣੀ ਨੂੰ ਅਤੇ ਮਕਾਨਾਂ ਦੀਆਂ ਛੱਤਾਂ ਤੋਂ ਆਉਂਦੇ ਪਾਣੀ ਨੂੰ ਰੀਚਾਰਜ ਕਰਨ ਲਈ ਕੋੲਂੀ ਪ੍ਰਬੰਧ ਨਹੀਂ ਕੀਤਾ ਜਿਸ ਕਾਰਨ ਨਾ ਤਾਂ ਫ਼ਸਲਾਂ ਦੀ ਤਬਾਹੀ ਹੁੰਦੀ ਸਗੋਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਚ ਵੀ ਸੁਧਾਰ ਹੁੰਦਾ। ਕਿਸਾਨ ਆਗੂਆਂ ਨੇ ਮੀਂਹ ਨਾਲ ਤਬਾਹ ਹੋਈਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਦੀ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਫ਼ਸਲਾਂ ਦੀ ਤਬਾਹੀ ਦਾ ਪ੍ਰਤੀ ਏਕੜ ਮੁਆਵਜਾ 50 ਹਜ਼ਾਰ ਰੁਪਏ ਦੇਣ ਅਤੇ ਘਰਾਂ ਦਾ ਯੋਗ ਮੁਆਵਜਾ ਦਿੱਤਾ ਜਾਵੇ। ਇਸ ਮੌਕੇ ਵਿੱਤ ਸਕੱਤਰ ਗੁਰਾਂਦਿੱਤਾ ਸਿੰਘ ਭਾਗਰਸਰ, ਮੀਤ ਪ੍ਰਧਾਨ ਭੁਪਿੰਦਰ ਸਿੰਘ ਚੰਨੂੰ ਸਿੰਘੇਵਾਲਾ, ਮਲਕੀਤ ਸਿੰਘ ਗੱਗੜ, ਜੋਗਿੰਦਰ ਸਿੰਘ ਬੁੱਟਰ ਬਰੀਂਹਾ, ਮੱਖਣ ਸਿੰਘ ਸੁਖਨਾ ਅਬਲੂ, ਰਾਜਾ ਸਿੰਘ, ਹਰਵਿੰਦਰ ਸਿੰਘ ਮਹਾਂਬੱਧਰ, ਕਾਮਰੇਡ ਜਗਦੇਵ ਸਿੰਘ ਭਾਗਸਰ ਵੀ ਹਾਜ਼ਰ ਸਨ।