ਦਵਿੰਦਰ ਬਾਘਲਾ, ਦੋਦਾ : ਡਾ. ਗੁਰਪ੍ਰਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ 'ਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਉਸ ਦਾ ਸੁਚੱਜਾ ਪ੍ਰਬੰਧ ਕਰਨ ਬਾਬਤ ਬਲਾਕ 'ਚ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਪਿੰਡ ਆਸਾ ਬੁੱਟਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ 'ਚ ਜੋਬਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਤੇ ਖੇਤਾਂ 'ਚ ਅੱਗ ਲਗਾਉਣ ਦੇ ਨੁਕਸਾਨ ਬਾਬਤ ਦੱਸਦਿਆਂ ਕਿਹਾ ਕਿ ਜੇਕਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਜ਼ਮੀਨ 'ਚ ਹੀ ਵਾਹ ਦਿੱਤਾ ਜਾਵੇ ਜਾਂ ਗੱਠਾਂ ਬਣਾ ਕੇ ਬਾਹਰ ਕੱਢ ਕੇ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ ਜ਼ਮੀਨ 'ਚ ਮੌਜੂਦ ਲਾਭਦਾਇਕ ਸੂਖਮ ਜੀਵਾਣੂ ਤੇ ਪੌਸ਼ਕ ਤੱਤ ਬਚੇ ਰਹਿੰਦੇ ਹਨ ਜੋ ਕਿ ਆਉਣ ਵਾਲੀ ਫਸਲਾਂ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ। ਅੱਗ ਲਗਾਉਣ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਜਿਸ ਨਾਲ ਸਾਹ ਲੈਣ 'ਚ ਦਿੱਕਤ ਹੁੰਦੀ ਹੈ ਤੇ ਭਿਆਨਕ ਹਾਦਸੇ ਹੋ ਜਾਂਦੇ ਹਨ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਤੋਂ ਇਲਾਵਾ ਕਾਫੀ ਗਿਣਤੀ 'ਚ ਪਿੰਡ ਦੇ ਕਿਸਾਨ ਮੌਜੂਦ ਸਨ।