ਅਮਨਦੀਪ ਸਿੰਘ ਮਹਿਰਾ, ਮਲੋਟ : ਲੰਬੀ ਹਲਕੇ ਦੇ ਪਿੰਡ ਫੁੱਲੂ ਖੇੜਾ 'ਚ ਨਹਿਰੀ ਵਿਭਾਗ ਦੀ ਅਣਗਿਹਲੀ ਕਾਰਨ ਕਿਸਾਨ ਦੀ ਢਾਈ ਏਕੜ ਝੋਨੇ ਦੀ ਫਸਲ ਵਿਚ ਪਾਣੀ ਭਰ ਗਿਆ। ਫਸਲ ਨੂੰ ਦੇਖ ਪਰੇਸ਼ਾਨ ਕਿਸਾਨ ਵੱਲੋਂ ਜ਼ਹਿਰੀਲੀ ਚੀਜ਼ ਨਿਗਲਣ ਦੀ ਕੋਸ਼ਿਸ਼ ਕੀਤੀ ਗਈ ਪਰ ਮੌਕੇ 'ਤੇ ਕਿਸਾਨਾਂ ਨੇ ਰੋਕ ਲਿਆ। ਜਾਣਕਾਰੀ ਅਨੁਸਾਰ ਪਿੰਡ ਫੁੱਲੂ ਖੇੜੇ ਦੇ ਕਿਸਾਨ ਜਗਸੀਰ ਸਿੰਘ ਪੁੱਤਰ ਗਿਆਨ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਢਾਈ ਏਕੜ ਜ਼ਮੀਨ ਵਿਚ ਝੋਨੇ ਦੀ ਬਿਜਾਈ ਕੀਤੀ ਹੋਈ ਸੀ, ਉਸਦੀ ਜ਼ਮੀਨ 'ਚੋਂ ਨਿਕਲਦੇ ਖੇਮਾ ਖੇੜਾ ਮਾਈਨਰ ਵਿਚ ਬੀਤੀ 5 ਅਕਤੂਬਰ ਨੂੰ ਪਾੜ ਪੈ ਗਿਆ ਸੀ। ਜਿਸ ਸਬੰਧੀ ਸਿੰਚਾਈ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਹੇਠਲੇ ਪੱਧਰ ਦੇ ਕਰਮਚਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਪਰ ਵਿਭਾਗ ਵੱਲੋਂ ਪਾੜ ਨੂੰ ਪੂਰਿਆਂ ਬਗੈਰ ਹੀ ਅੱਜ ਪਾਣੀ ਛੱਡ ਦਿੱਤਾ ਗਿਆ, ਜਿਸ ਕਾਰਨ ਅੱਜ ਉਸਦੀ ਢਾਈ ਏਕੜ ਪੱਕੀ ਖੜੀ ਝੋਨੇ ਦੀ ਫਸਲ 'ਚ ਪਾਣੀ ਭਰ ਗਿਆ। ਕਿਸਾਨ ਨੇ ਦੋਸ਼ ਲਾਇਆ ਕਿ ਉਸਦੀ ਫਸਲ ਦੇ ਨੁਕਸਾਨ ਲਈ ਸਿੰਚਾਈ ਵਿਭਾਗ ਜ਼ਿੰਮੇਵਾਰ ਹੈ, ਜੇਕਰ ਉਸਦੀ ਭਰਪਾਈ ਨਾ ਕਰਵਾਈ ਤਾਂ ਉਹ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋਵੇਗਾ। ਪੀੜ੍ਹਤ ਕਿਸਾਨ ਨੇ ਜ਼ਹਿਰੀਲੀ ਦਵਾਈ ਨਿਗਲਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੇ ਉਸਨੂੰ ਅਜਿਹਾ ਕਰਨ ਤੋਂ ਰੋਕ ਲਿਆ। ਮੌਕੇ 'ਤੇ ਇਕੱਤਰ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿੰਚਾਈ ਵਿਭਾਗ ਦੇ ਅਣਗਿਹੀਲੀ ਵਰਤਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਕਿਸਾਨ ਦੇ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ।

ਓਧਰ ਸਿੰਚਾਈ ਵਿਭਾਗ ਦੇ ਐਕਸੀਅਨ ਨੇ ਕਿਹਾ ਕਿ ਮਾਈਨਰ ਵਿਚ ਪਏ ਪਾੜ ਨੂੰ ਪੂਰ ਦਿੱਤਾ ਗਿਆ ਸੀ ਫਿਰ ਵੀ ਉਹ ਮਾਮਲੇ ਦੀ ਪੜਤਾਲ ਕਰਵਾਉਣਗੇ, ਜੇਕਰ ਵਿਭਾਗ ਦੀ ਕੋਈ ਅਣਗਹਿਲੀ ਪਾਈ ਗਈ ਤਾਂ ਕਾਰਵਾਈ ਕੀਤੀ ਜਾਵੇਗੀ।