ਜਗਸੀਰ ਛੱਤਿਆਣਾ, ਗਿੱਦੜਬਾਹਾ : ਬਾਬਾ ਫਰੀਦ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਦੇ ਖੇਡ ਮੈਦਾਨ 'ਚ ਅੰਡਰ-14 ਸਾਲ ਅਤੇ ਅੰਡਰ-17 ਸਾਲ ਵਰਗ ਦੀਆਂ ਲੜਕੀਆਂ ਦੇ ਖੋ-ਖੋ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਹੋਈ। ਇਸ ਮੌਕੇ ਵਿਸ਼ੇਸ ਤੌਰ 'ਤੇ ਬਾਬਾ ਫਰੀਦ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਰਜੀਤ ਸਿੰਘ ਬਰਾੜ ਨੇ ਰੀਬਨ ਕੱਟ ਕੇ ਮੁਕਾਬਲਿਆਂ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਲੈਕਚਰਾਰ ਰਣਜੀਤ ਸਿੰਘ, ਤਰਸੇਮ ਸਿੰਘ, ਪਿ੍ਰੰਸੀਪਲ ਹਰਜੀਤ ਕੌਰ ਅਤੇ ਵਾਇਸ ਪਿ੍ਰੰਸੀਪਲ ਪਰਮਜੀਤ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਹਰਜੀਤ ਸਿੰਘ ਬਰਾੜ ਨੇ ਖਿਡਾਰੀਆਂ ਨੂੰ ਸਦਭਾਵਨਾ ਨਾਲ ਖੇਡਣ ਲਈ ਪ੍ਰਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਅੰਗ ਹਨ, ਖੇਡਾਂ ਤੋਂ ਬਿਨਾ ਜੀਵਨ ਨੂੰ ਮਾਣਿਆ ਨਹੀ ਜਾ ਸਕਦਾ। ਹਰ ਇਨਸਾਨ ਕਿਸੇ ਨਾ ਕਿਸੇ ਰੂਪ 'ਚ ਖੇਡਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੇ ਹਾਣੀ ਬਣਨ ਲਈ ਖੇਡਾਂ ਅਤੇ ਪੜ੍ਹਾਈ ਵਿੱਚ ਲਗਨ ਨਾਲ ਮਿਹਨਤ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਨੌਜਵਾਨਾਂ ਨੂੰ ਜੋੜਨਾ ਆਉਣ ਵਾਲੇ ਚੰਗੇ ਭਵਿੱਖ ਦੀ ਨਿਸ਼ਾਨੀ ਹੈ। ਇਨ੍ਹਾਂ ਮੁਕਾਬਲਿਆਂ 'ਚ 14 ਸਾਲ ਲੜਕੀਆਂ ਦੇ ਮੁਕਾਬਲੇ 'ਚ ਗਿਲਜੇਵਾਲਾ ਜ਼ੋਨ ਨੇ ਰਾਣੀ ਵਾਲਾ ਜ਼ੋਨ ਨੂੰ ਹਰਾਇਆ ਅਤੇ ਦੂਜੇ ਸੈਮੀਫਾਇਲਲ ਮੁਕਾਬਲੇ 'ਚ ਦੋਦਾ ਜੋਨ ਨੇ ਬਰੀਵਾਲਾ ਜ਼ੋਨ ਨੂੰ ਹਰਾਇਆ। ਇਸੇ ਤਰ੍ਹਾਂ ਹੀ 17 ਸਾਲ ਲੜਕੀਆਂ ਦੇ ਪਹਿਲੇ ਸੈਮੀ ਫਾਇਨਲ ਮੁਕਾਬਲੇ 'ਚ ਦੋਦੇ ਜੋਨ ਨੇ ਲੰਬੀ ਜੋਨ ਨੂੰ ਹਰਾਇਆ ਅਤੇ ਦੂਜੇ ਸੈਮੀਫਾਇਲਲ ਮੁਕਾਬਲੇ ਵਿੱਚ ਬਰੀਵਾਲਾ ਜੋਨ ਨੇ ਭੰਗੇਵਾਲਾ ਜੋਨ ਨੂੰ ਹਰਾਇਆ। ਇਸ ਮੌਕੇ ਤਰਸੇਮ ਸਿੰਘ ਖੋ-ਖੋ ਕੋਚ, ਬਲਜੀਤ ਸਿੰਘ ਡੀਪੀ, ਗੁਰਜੀਤ ਸਿੰਘ ਡੀਪੀ, ਸ਼ਮਸ਼ਾਦ ਅਲੀ ਡੀਪੀ, ਗੁਰਵਿੰਦਰ ਕੌਰ ਪੀਟੀ, ਪਰਮਿੰਦਰ ਸਿੰਘ ਡੀਪੀ, ਗੁਰਮੇਲ ਸਿੰਘ ਡੀਪੀ, ਕੁਲਦੀਪ ਸਿੰਘ ਵਿਸ਼ੇਸ ਤੌਰ 'ਤੇ ਹਾਜ਼ਰ ਸਨ।