ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਪਰਤੇ ਤੀਰਥ ਯਾਤਰੀਆਂ ਨੂੰ ਸਿੱਧਾ ਸ੍ਰੀ ਮੁਕਤਸਰ ਸਾਹਿਬ ਦੇ ਕੋਵਿਡ-19 ਹਸਪਤਾਲ 'ਚ ਲਿਆਂਦਾ ਗਿਆ ਇਨ੍ਹਾਂ 'ਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ।

ਇਨ੍ਹਾਂ 'ਚੋਂ 51 ਸ਼ਰਧਾਲੂ ਸ੍ਰੀ ਮੁਕਸਤਰ ਸਾਹਿਬ ਦੇ ਹਨ ਜਦਕਿ ਕੁਝ ਬਠਿੰਡਾ ਤੇ ਫਿਰੋਜਪੁਰ ਦੇ ਵੀ ਸ਼ਾਮਲ ਸਨ। ਇਨ੍ਹਾਂ ਨੂੰ ਬਠਿੰਡਾ ਤੋਂ ਇੱਥੇ ਲਿਆਂਦਾ ਗਿਆ ਹੈ। ਪ੍ਰਸ਼ਾਸਨ ਨੰਦੇੜ ਸਾਹਿਬ ਤੋਂ ਪਰਤੇ ਇਨ੍ਹਾਂ ਮਰੀਜ਼ਾਂ ਨੂੰ ਲੈ ਕੇ ਕਾਫੀ ਚੌਕਸ ਹੈ, ਕਿਉਂਕ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਨੰਦੇੜ ਸਾਹਿਬ ਤੋਂ ਪਰਤੇ ਮਰੀਜ਼ਾਂ ਦੇ ਨਤੀਜੇ ਪਾਜ਼ੇਟਿਵ ਆਏ ਹਨ।

ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਕਤਸਰ ਦੇ ਕੋਵਿਡ ਹਸਪਤਾਲ 'ਚ ਇਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ ਉਸ ਉਪਰੰਤ ਉਨ੍ਹਾਂ ਨੂੰ ਕੁਆਰੰਟੀਨ ਕੇਂਦਰਾਂ 'ਚ ਭੇਜ ਦਿੱਤਾ ਜਾਵੇਗਾ। ਜੇਕਰ ਇਨ੍ਹਾਂ ਵਿਅਕਤੀਆਂ ਦੇ ਭੇਜੇ ਸੈਂਪਲਾਂ 'ਚੋਂ ਕੋਈ ਪਾਜ਼ੇਟਿਵ ਆਵੇਗਾ ਤਾਂ ਉਨ੍ਹਾਂ ਨੂੰ ਕੋਵਿਡ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਤਬਦੀਲ ਕਰ ਦਿੱਤਾ ਜਾਵੇਗਾ।

ਇਸ ਦੌਰਾਨ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਜਾਂਚ ਲਈ ਹੁਣ ਤੱਕ 602 ਸੈਂਪਲ ਭੇਜੇ ਗਏ ਹਨ ਜਿਸ 'ਚੋਂ 306 ਮਰੀਜ਼ਾਂ ਦੇ ਨਤੀਜੇ ਆਏ ਹਨ ਜਿਸ 'ਚੋਂ 305 ਨੈਗੇਟਿਵ ਹਨ ਅਤੇ 1 ਮਰੀਜ਼ ਪਹਿਲਾਂ ਹੀ ਪਾਜ਼ੇਟਿਵ ਪਾਏ ਪਾਇਆ ਗਿਆ ਸੀ ਜਿਸਦਾ ਇਲਾਜ ਚੱਲ ਰਿਹਾ ਹੈ ਜਦਕਿ 296 ਨਤੀਜੇ ਆਉਣੇ ਅਜੇ ਬਾਕੀ ਹਨ।

Posted By: Jagjit Singh