ਮੁਕਤਸਰ ਨੂੰ ਸੀਵਰੇਜ ਤੇ ਸੜਕੀ ਸਮੱਸਿਆਵਾਂ ਤੋਂ ਮੁਕਤ ਕਰਨ ਦੀ ਮੰਗ
ਮੁਕਤਸਰ ਨੂੰ ਸੀਵਰੇਜ ਤੇ ਸੜਕੀ ਸਮੱਸਿਆਵਾਂ ਤੋਂ ਮੁਕਤ ਕਰਨ ਦੀ ਮੰਗ
Publish Date: Tue, 09 Jun 2026 04:22 PM (IST)
Updated Date: Tue, 09 Jun 2026 04:23 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਸ਼ਹਿਰ ’ਚ ਕਰੀਬ ਛੇ ਮਹੀਨਿਆਂ ਤੋਂ ਸੀਵਰੇਜ਼ ਦੀਆਂ ਪਾਈਪਾਂ ਪਾਉਣ ਲਈ ਸੜਕਾਂ ਅਤੇ ਗਲੀਆਂ ਦੀ ਕੀਤੀ ਪੁੱਟਾਖੋਹੀ ਤੋਂ ਬਾਅਦ ਉਨ੍ਹਾਂ ਨੂੰ ਚਾਲੂ ਨਾ ਕਰਨ ਤੋਂ ਦੁਖੀ ਸ਼ਹਿਰ ਵਾਸੀਆਂ ਦਾ ਇਕ ਵਫ਼ਦ ਕੇਵਲ ਗਰਗ ਕਾਰਜਕਾਰੀ ਇੰਜੀਨੀਅਰ ਜਨ ਸਿਹਤ ਵਿਭਾਗ ਨੂੰ ਮਿਲਿਆ। ਇਸ ਮੌਕੇ ਐਸਡੀਓ ਜਗਮੋਹਨ ਸਿੰਘ, ਰਵਿੰਦਰਜੀਤ ਸਿੰਘ ਬੇਦੀ, ਰਣਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਵਫ਼ਦ ’ਚ ਸ਼ਾਮਲ ਜਸਵੰਤ ਸਿੰਘ, ਗੋਬਿੰਦ ਸਿੰਘ ਦਾਬੜਾ, ਗਗਨਦੀਪ ਗੋਇਲ, ਕ੍ਰਿਸ਼ਨ ਦੂਮੜਾ, ਬਲਜੀਤ ਸਿੰਘ ਅਰੋੜਾ, ਕੇਐਸ ਮੁਕਸਰੀ ਅਤੇ ਗੁਰਸੇਵਕ ਸਿੰਘ ਪ੍ਰੀਤ ਹੋਰਾਂ ਨੇ ਦੱਸਿਆ ਕਿ ਅਬੋਹਰ-ਭਾਗਸਰ ਰੋਡ ਖੇਤਰ ’ਚ ਜੋ ਸੀਵਰੇਜ ਪੈਣਾ ਹੈ ਉਹ ਲੰਬੇ ਸਮੇਂ ਤੋਂ ਅਧੂਰਾ ਪਿਆ ਹੈ। ਜਿੰਨ੍ਹਾ ਕੁ ਪਾਇਆ ਹੈ ਉਸਦਾ ਮਲਬਾ ਸੜਕ ਉਪਰ ਖਿੰਡਿਆ ਹੈ ਜਿਸ ਕਰਕੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਇਸੇ ਤਰ੍ਹਾਂ ਨਾਕਾ ਨੰਬਰ ਦੋ ਪਿਛਲੇ ਤਿੰਨ ਮਹੀਨਿਆਂ ਤੋਂ ਪੁੱਟਿਆ ਪਿਆ ਹੈ। ਬੱਸ ਅੱਡੇ ਕੋਲ ਸੀਵਰੇਜ ਪੁੱਟਣ ਵੇਲੇ ਸੜਕ ਦਾ ਮਲਬਾ-ਪੱਥਰ ਉਥੇ ਹੀ ਪਏ ਹਨ ਜਿਸ ਕਰਕੇ ਸੜਕ ਬੰਦ ਹੋ ਗਈ ਹੈ। ਫਾਟਕੋਂ ਪਾਰ ਦੇ ਸੀਵਰੇਜ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਬੂੜਾ ਗੁੱਜਰ ਰੋਡ ’ਤੇ ਸੀਵਰੇਜ ਦਾ ਪਾਣੀ ਕੱਢਣ ਵਾਸਤੇ ਜੋ ਆਰਜ਼ੀ ਮੋਟਰ ਲਾਈ ਹੈ ਉਸਨੂੰ ਹਟਾਕੇ ਸਥਾਈ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਥੇ ਅੰਡਰ ਬਰਿੱਜ ਬਣ ਸਕੇ। ਇਸੇ ਤਰ੍ਹਾਂ ਪਾਣੀ ਤੇ ਸੀਵਰੇਜ ਦੇ ਬਿੱਲ ਭਰਨ ਵਾਲੀਆਂ ਖਿੜਕੀਆਂ ਕੋਲੇ ਫਰਸ਼ ਲਾ ਕੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਜਲ ਘਰ ਦੀਆਂ ਡਿੱਗੀਆਂ ਦੇ ਦੁਆਲੇ ਬਣਾਏ ਫੁੱਟਪਾਥ ਦਾ ਬਾਰਸ਼ ਵਾਲਾ ਪਾਣੀ ਡਿੱਗੀਆਂ ’ਚ ਪਾਉਣ ਤੋਂ ਰੋਕਿਆ ਜਾਵੇ। ਹਰ ਵਿਕਾਸ ਕੰਮ ਦਾ ਜਨਤਕ ਸੂਚਨਾ ਬੋਰਡ ਲਾਇਆ ਜਾਵੇ। ਵਫ਼ਦ ਨੇ ਦੱਸਿਆ ਕਿ ਉਹ ਜਲਦੀ ਹੀ ਡਿਪਟੀ ਕਮਿਸ਼ਨਰ ਕੋਲ ਵੀ ਇਹ ਮੁੱਦੇ ਉਠਾਉਣਗੇ। ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ ਮਸਲੇ : ਐਕਸੀਅਨ ਗਰਗ ਐਕਸੀਅਨ ਕੇਵਲ ਵਰਗ ਨੇ ਦੱਸਿਆ ਕਿ ਭਾਗਸਰ ਰੋਡ ਦੇ ਸੀਵਰੇਜ ਦੀ ਡਰਾਇੰਗ ਆਉਣ ਵਾਲੀ ਰਹਿੰਦੀ ਹੈ, ਜਲਦੀ ਹੀ ਮੰਗਵਾ ਕੇ ਕੰਮ ਸ਼ੁਰੂ ਕਰਵਾ ਦਿਆਂਗੇ। ਇਸੇ ਤਰ੍ਹਾਂ ਨਾਕਾ ਨੰਬਰ 2 ਰਹਿੰਦਾ ਕੰਮ ਅਤੇ ਅਬੋਹਰ ਰੋਡ ਦਾ ਮਲਬਾ ਦੋ-ਤਿੰਨ ਦਿਨਾਂ ’ਚ ਹੀ ਸਮੇਟ ਦਿੱਤਾ ਜਾਵੇਗਾ। ਉਨ੍ਹਾਂ ਬਿੱਲ ਖਿੜਕੀ ਸ਼ਾਨਦਾਰ ਬਣਾਉਣ, ਸੂਚਨਾ ਬੋਰਡ ਲਾਉਣ ਅਤੇ ਫੁੱਟਪਾਥ ਦਾ ਪਾਣੀ ਡਿੱਗੀਆਂ ’ਚ ਨਾ ਪਾਏ ਜਾਣ ਦੇ ਆਦੇਸ਼ ਤੁਰੰਤ ਜਾਰੀ ਕਰਦਿਆਂ ਕਿਹਾ ਕਿ ਬਾਕੀ ਮਸਲੇ ਵੀ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ।