ਬਰੀਵਾਲਾ ’ਚ ਦਹਾਕਿਆਂ ਦਾ ਇੰਤਜ਼ਾਰ ਖ਼ਤਮ, 19.38 ਕਰੋੜ ਦਾ ਸੀਵਰੇਜ ਪ੍ਰਾਜੈਕਟ ਇਸੇ ਮਹੀਨੇ ਹੋਵੇਗਾ ਸ਼ੁਰੂ
ਬਰੀਵਾਲਾ ’ਚ ਦਹਾਕਿਆਂ ਦਾ ਇੰਤਜ਼ਾਰ ਖ਼ਤਮ, 19.38 ਕਰੋੜ ਦੇ ਸੀਵਰੇਜ ਪ੍ਰੋਜੈਕਟ ਦਾ ਕੰਮ ਇਸੇ ਮਹੀਨੇ ਹੋਵੇਗਾ ਸ਼ੁਰੂ
Publish Date: Tue, 09 Jun 2026 05:14 PM (IST)
Updated Date: Tue, 09 Jun 2026 05:17 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ਬਰੀਵਾਲਾ ਨਗਰ ਪੰਚਾਇਤ ਦੇ ਨਿਵਾਸੀਆਂ ਲਈ ਰਾਹਤ ਭਰੀ ਖ਼ਬਰ ਹੈ। ਦਹਾਕਿਆਂ ਤੋਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਜੂਝ ਰਹੇ 11 ਵਾਰਡਾਂ ਦੇ ਕਰੀਬ 16 ਹਜ਼ਾਰ ਲੋਕਾਂ ਦਾ ਇੰਤਜ਼ਾਰ ਹੁਣ ਖ਼ਤਮ ਹੋਣ ਵਾਲਾ ਹੈ। ਬਰੀਵਾਲਾ ’ਚ 19.38 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪ੍ਰੋਜੈਕਟ ਦਾ ਕੰਮ ਇਸੇ ਮਹੀਨੇ ਸ਼ੁਰੂ ਹੋਣ ਜਾ ਰਿਹਾ ਹੈ। ਲਗਭਗ ਇੱਕ ਹਫ਼ਤੇ ਦੇ ਅੰਦਰ-ਅੰਦਰ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਇਸ ਕਾਰਜ ਦੀ ਸ਼ੁਰੂਆਤ ਕਰਵਾਉਣਗੇ। ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਐਕਸੀਅਨ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਹ ਪ੍ਰੋਜੈਕਟ ਦੋ ਪੜਾਵਾਂ (ਫੇਜ਼) ’ਚ ਪੂਰਾ ਹੋਵੇਗਾ। ਪਹਿਲੇ ਪੜਾਅ ’ਚ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸਟੀਪੀ) ਅਤੇ ਸੀਵਰੇਜ ਦੀ ਮੇਨ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਦੇ ਪੂਰਾ ਹੋਣ ਤੋਂ ਬਾਅਦ, ਦੂਜੇ ਪੜਾਅ ’ਚ ਗਲੀਆਂ ਵਿੱਚ ਪਾਈਪਾਂ ਪਾ ਕੇ ਘਰਾਂ ਦੇ ਸੀਵਰੇਜ ਕਨੈਕਸ਼ਨ ਜੋੜੇ ਜਾਣਗੇ। ਕੰਮ ਦੀ ਰਸਮੀ ਸ਼ੁਰੂਆਤ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਕਰਨਗੇ। ਫਿਲਹਾਲ ਮੌਕੇ ’ਤੇ ਪਾਈਪਾਂ ਅਤੇ ਹੋਰ ਜ਼ਰੂਰੀ ਸਾਮਾਨ ਪਹੁੰਚ ਚੁੱਕਾ ਹੈ। 2010 ’ਚ ਤਤਕਾਲੀ ਮੁੱਖ ਮੰਤਰੀ ਬਾਦਲ ਨੇ ਵੀ ਰੱਖਿਆ ਸੀ ਨੀਂਹ ਪੱਥਰ ਬਰੀਵਾਲਾ ’ਚ ਸੀਵਰੇਜ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ। ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 2010 ’ਚ ਹੀ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖ ਦਿੱਤਾ ਸੀ। ਪਰ ਉਸਤੋਂ ਬਾਅਦ 13 ਸਾਲ ਤੱਕ ਇਹ ਯੋਜਨਾ ਫਾਈਲਾਂ ’ਚ ਹੀ ਦੱਬੀ ਰਹੀ ਅਤੇ ਜ਼ਮੀਨੀ ਪੱਧਰ ’ਤੇ ਕੰਮ ਸ਼ੁਰੂ ਨਹੀਂ ਹੋ ਸਕਿਆ। ਸਾਲ 2022 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁਕਤਸਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਪਹਿਲ ਕੀਤੀ। ਉਨ੍ਹਾਂ ਦੇ ਯਤਨਾਂ ਸਦਕਾ ਸਾਲ 2023 ਵਿੱਚ ਸਰਕਾਰ ਨੇ 19.38 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਸੀ। ਦੋ ਸਾਲ ਤੱਕ ਵਿਵਾਦਾਂ ’ਚ ਅਟਕਿਆ ਰਿਹਾ ਕੰਮ ਮਨਜ਼ੂਰੀ ਮਿਲਣ ਦੇ ਬਾਵਜੂਦ ਵੀ ਪਿਛਲੇ ਦੋ ਸਾਲਾਂ ਤੋਂ ਕੰਮ ਸ਼ੁਰੂ ਨਹੀਂ ਹੋ ਸਕਿਆ ਸੀ। ਇਸ ਦਾ ਮੁੱਖ ਕਾਰਨ ਐਸ.ਟੀ.ਪੀ. (STP) ਲਈ ਜਗ੍ਹਾ ਨੂੰ ਲੈ ਕੇ ਮੰਡੀ ਬੋਰਡ ਅਤੇ ਸੀਵਰੇਜ ਵਿਭਾਗ ਦਰਮਿਆਨ ਰੇਟਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਸੀ। ਹੁਣ ਦੋਵਾਂ ਵਿਭਾਗਾਂ ’ਚ ਆਪਸੀ ਸਹਿਮਤੀ ਬਣਨ ਤੋਂ ਬਾਅਦ ਇਹ ਅੜਚਣ ਦੂਰ ਹੋ ਚੁੱਕੀ ਹੈ।