ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ

ਡਿਪਟੀ ਕਮਿਸ਼ਨਰ ਐਮਕੇ ਅਰਾਵਿੰਦ ਕੁਮਾਰ ਨੇ ਪ੍ਰਰੈਸ ਨੂੰ ਜਾਰੀ ਇੱਕ ਬਿਆਨ 'ਚ ਦੱਸਿਆ ਕਿ ਹਾਲਾਂਕਿ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ ਕੋਈ ਕਰੋਨਾ ਨਾਲ ਗ੍ਸਤ ਮਰੀਜ ਸਾਹਮਣੇ ਨਹੀਂ ਆਇਆ ਪਰ ਇਸ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਹਰ ਅਹਤਿਆਤ ਵਰਤਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਕਰੋਨਾ ਸਬੰਧੀ ਮਰੀਜਾਂ ਦੇ ਹੋਣ ਦੇ ਖਦਸ਼ੇ ਦੇ ਮੱਦੇ ਨਜ਼ਰ ਮੁਕਤਸਰ ਨੂੰ ਆਉਣ ਵਾਲੀਆਂ ਸਾਰੀਆਂ ਹੀ ਲਿੰਕ ਸੜਕਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਤਾਂ ਜੋ ਇਹ ਭਿਆਨਕ ਲਾਗ ਦੀ ਬਿਮਾਰੀ ਇਸ ਜ਼ਿਲ੍ਹੇ ਵਿੱਚ ਨਾ ਪਹੁੰਚ ਸਕੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਹਿਲਾਂ ਹੀ ਪਿੰਡਾਂ ਦੇ ਸਰਪੰਚਾਂ ਨੂੰ ਲਿੰਕ ਰੋਡ ਸੀਲ ਕਰਨ ਦੇ ਅਧਿਕਾਰ ਦੇ ਦਿੱਤੇ ਗਏ ਹਨ। ਜ਼ਿਲੇ੍ਹ ਵਿੱਚ ਚੱਲ ਰਹੇ ਕੰਟਰੋਲ ਰੂਮ ਦੀ ਕਾਰਗੁਜ਼ਾਰੀ ਤੇ ਸੰਤੁਸਟੀ ਵਿਅਕਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਐਲਪੀਜੀ ਸਬੰਧੀ ਸਾਰੀਆਂ ਹੀ ਸ਼ਿਕਾਇਤਾਂ ਨੂੰ ਦੂਰ ਕਰ ਦਿੱਤਾ ਗਿਆ ਹੈ ਅਤੇ ਅੱਜ ਦੀ ਤਾਰੀਖ 'ਚ ਕੋਈ ਵੀ ਗੈਸ ਸਿਲੰਡਰ ਸਬੰਧੀ ਸ਼ਿਕਾਇਤ ਨਹੀਂ ਹੈ। ਉਨ੍ਹਾਂ ਇੱਕ ਵਾਰ ਫਿਰ ਦੁਹਰਾਇਆ ਕਿ ਸਮੂਹ ਇਲਾਕਾ ਨਿਵਾਸੀਆਂ ਨੂੰ ਮਿਲ ਕੇ ਪ੍ਰਸ਼ਾਸਨ ਦਾ ਸਹਿਯੋਗ ਦਿੱਤਾ ਜਾਵੇ ਤਾਂ ਜੋ ਅੱਜ ਮਨੁੱਖ ਜਾਤੀ ਤੇ ਪਈ ਬਿਪਦਾ ਨੂੰ ਰਲ ਕੇ ਨਜਿੱਠਿਆ ਜਾਵੇ। ਉਨ੍ਹਾਂ ਦੱਸਿਆ ਕਿ ਜਿਲੇ੍ਹ ਦੇ ਹਰ ਨਾਗਰਿਕ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਸਮੁੱਚੀ ਟੀਮ ਵੱਲੋਂ ਹਰ ਯਤਨ ਕੀਤੇ ਜਾ ਰਹੇ ਹਨ ਅਤੇ ਲੋੜ ਦੀ ਹਰ ਵਸਤੂ ਨੂੰ ਐਨਜੀਓਜ ਅਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਘਰ ਘਰ ਪਹੁੰਚਾਇਆ ਜਾ ਰਿਹਾ ਹੈ। ਚੀਫ ਮੈਡੀਕਲ ਅਫਸਰ ਹਰੀ ਨਰਾਇਣ ਨੇ ਦੱਸਿਆ ਕਿ ਡਾਕਟਰਾਂ ਦੀ ਟੀਮ ਵੱਲੋਂ ਕਰੋਨਾ ਦੇ ਸ਼ੱਕੀ ਮਰੀਜ਼ਾਂ ਦੀ ਲਗਾਤਾਰ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਇਸ ਸਬੰਧੀ ਪਲ ਪਲ ਦੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਨੂੰ ਫੈਲਾਣ ਤੋਂ ਬਚਾਉਣ ਲਈ ਕੇਵਲ ਅਹਿਤਿਆਤ ਹੀ ਵਰਤਿਆ ਜਾ ਸਕਦਾ ਹੈ ਅਤੇ ਲੋਕਾਂ ਨੂੰ ਆਪਣੇ ਘਰੋਂ ਨਹੀਂ ਨਿੱਕਲਣਾ ਚਾਹੀਦਾ। ਇਸ ਸਬੰਧੀ ਜੇ ਕਿਸੇ ਵਿੱਚ ਸੁੱਕੀ ਖੰਘ, ਜੁਕਾਮ ਜਾ ਬੁਖਾਰ ਦੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਨਜ਼ਦੀਕੀ ਸਿਹਤ ਸੇਵਾ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਦੇ ਅਮਲੇ ਵੱਲੋਂ ਗਲੀ ਮੁੱਹਲਿਆਂ ਅਤੇ ਜ਼ਿਲ੍ਹੇ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਕਰੋਨਾ ਵਾਇਰਸ ਨਾਲ ਸਬੰਧਿਤ ਲੱਛਣਾ ਦੀ ਪਛਾਣ ਕਰਨ ਲਈ ਆਧੁਨਿਕ ਥਰਮਾਮੀਟਰ ਨਾਲ ਕੀਤੀ ਜਾ ਰਹੀ ਹੈ। ਜ਼ਿਲ੍ਹਾ ਮੈਜਿਸਟਰੇਟ ਅਨੁਸਾਰ ਜਿਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਰੋਨਾ ਵਾਇਰਸ ਦੇ ਖਾਤਮੇ ਦੇ ਸਬੰਧ ਵਿੱਚ ਸਰਕਾਰੀ ਡਿਊਟੀ ਲੱਗੀ ਹੋਈ ਹੈ, ਉਨ੍ਹਾਂ ਨੂੰ ਮੇਨ ਸੜਕਾਂ ਅਤੇ ਲਿੰਕ ਸੜਕਾਂ 'ਤੇ ਬਣੇ ਨਾਕਿਆਂ ਤੇ ਨਾ ਰੋਕਿਆ ਜਾਵੇ।