ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਦਿੱਲੀ ਦੇ ਨਿਜ਼ਾਮੁਦੀਨ ਤਬਲੀਗੀ ਮਰਕਜ਼ 'ਚ ਹਿੱਸਾ ਲੈ ਕੇ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਮੇਰਠ ਦੇ ਰਹਿਣ ਵਾਲੇ ਤਬਲੀਗੀ ਜਮਾਤ ਦੇ 14 ਲੋਕਾਂ ਨੂੰ ਇਕਾਂਤਵਾਸ ਭੇਜਿਆ ਗਿਆ ਹੈ। ਉਹ ਲੋਕ ਜਾਮਾ ਮਸਜਿਦ 'ਚ ਰਹਿ ਰਹੇ ਹਨ। ਪਤਾ ਲੱਗਦਿਆਂ ਹੀ ਪ੍ਰਸ਼ਾਸਨ ਵੱਲੋਂ ਉਥੇ ਹੀ ਉਨ੍ਹਾਂ ਨੂੰ ਇਕਾਂਤਵਾਸ ਭੇਜ ਦਿੱਤਾ ਹੈ।

ਮੁਸਲਿਮ ਭਾਈਚਾਰੇ ਦੇ ਇਹ ਲੋਕ ਧਰਮ ਪ੍ਰਚਾਰ ਦਾ ਕੰਮ ਕਰਦੇ ਹਨ। ਉਨ੍ਹਾਂ ਮੁਸਲਿਮ ਭਾਈਚਾਰੇ ਵੱਲੋਂ ਤਬਲੀਗੀ ਜਮਾਤ ਕਿਹਾ ਜਾਂਦਾ ਹੈ। ਇਹ ਲੋਕ ਮੂਲ ਰੂਪ 'ਚ ਮੇਰਠ ਦੇ ਰਹਿਣ ਵਾਲੇ ਹਨ। ਇਹ 14 ਲੋਕ ਬੀਤੇ ਸਮੇਂ 'ਚ ਦਿੱਲੀ ਦੇ ਨਿਜ਼ਾਮੁਦੀਨ ਮਰਕਜ਼ 'ਚ ਹੋਣ ਵਾਲੇ ਸਮਾਗਮ 'ਚ ਹਿੱਸਾ ਲੈਣ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਆਏ ਸਨ।

ਉਹ 18 ਮਾਰਚ ਨੂੰ ਸ੍ਰੀ ਮੁਕਤਸਰ ਆ ਗਏ ਸਨ। ਮੁਸਲਿਮ ਭਾਈਚਾਰੇ ਦੇ ਮੈਂਬਰ ਸਈਅਦ ਮੁਹੰਮਦ ਉਰਫ਼ ਨੇਤਾ ਜੀ ਨੇ ਦੱਸਿਆ ਕਿ ਜਦ ਇਹ ਲੋਕ ਆਏ ਤਾਂ ਉਸ ਤੋਂ ਬਾਅਦ ਹੀ ਕਰਫਿਊ ਲੱਗ ਗਿਆ, ਜਿਸ ਕਾਰਨ ਇਹ ਲੋਕ ਉੱਥੋਂ ਨਿਕਲ ਨਹੀਂ ਸਕੇ। ਹੁਣ ਜਦ ਕੋਰੋਨਾ ਦਾ ਜ਼ਿਆਦਾ ਪ੍ਰਭਾਵ ਵੱਧ ਗਿਆ ਹੈ ਅਤੇ ਇਹ ਵੀ ਪਤਾ ਲੱਗਿਆ ਹੈ ਕਿ ਦਿੱਲੀ ਦੇ ਵੀ ਕੁਝ ਲੋਕ ਪੌਜ਼ਿਟਿਵ ਆਏ ਹਨ ਤਾਂ ਉਨ੍ਹਾਂ ਖੁਦ ਹੀ ਸਿਹਤ ਵਿਭਾਗ ਨੂੰ ਸੂਚਿਤ ਕੀਤਾ। ਉਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਆਈ ਸੀ ਅਤੇ ਉਸ ਨੇ ਚੈੱਕਅਪ ਕੀਤਾ।

ਉਨ੍ਹਾਂ 'ਚੋਂ ਕਿਸੇ 'ਚ ਵੀ ਕੋਰੋਨਾ ਦਾ ਕੋਈ ਲੱਛਣ ਨਹੀਂ ਮਿਲਿਆ ਹੈ। ਉਧਰ, ਸਿਵਲ ਸਰਜਨ ਡਾ. ਹਰੀ ਨਾਰਾਇਣ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਰੇ ਲੋਕਾਂ ਨੂੰ ਮਸਜਿਦ ਵਿਚ ਹੀ 14 ਦਿਨ ਲਈ ਇਕਾਂਤਵਾਸ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਵੀ ਤਾਇਨਾਤ ਕੀਤੀ ਹੈ ਤਾਂ ਜੋ ਕੋਈ ਪਰੇਸ਼ਾਨੀ ਨਾ ਆਵੇ।