ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੀ ਸਿਆਸਤ ਅਤੇ ਖਾਸਕਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਧੜੱਲੇਦਾਰ ਨੇਤਾ ਵਜੋਂ ਜਾਣੇ ਜਾਂਦੇ ਸਵ: ਸੁਖਦਰਸ਼ਨ ਸਿੰਘ ਮਰਾੜ੍ਹ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਮਰਾੜ੍ਹ ਪਰਿਵਾਰ ਸਿਆਸੀ ਰਿਵਾਇਤ ਨੂੰ ਚੱਲਦਾ ਰੱਖਣ ਲਈ ਉਨਾਂ੍ਹ ਦਾ ਬੇਟਾ ਰਾਜਬਲਵਿੰਦਰ ਸਿੰਘ ਮਹਿਕਮੇ ਤੋਂ ਛੁੱਟੀ ਲੈਣ ਉਪਰੰਤ ਸਿਆਸੀ ਅਖਾੜੇ 'ਚ ਕਦਮ ਰੱਖਣ ਜਾ ਰਿਹਾ। ਭਾਵੇਂ ਇਲਾਕੇ 'ਚ ਇਹ ਵੀ ਚਰਚਾਵਾਂ ਸਨ ਕਿ ਰਾਜਬਲਵਿੰਦਰ ਸਿੰਘ ਮਰਾੜ੍ਹ ਆਮ ਆਦਮੀ ਪਾਰਟੀ 'ਚ ਜਾ ਸਕਦੇ ਹਨ, ਪਰ ਇਹ ਚਰਚਾਵਾਂ 'ਤੇ ਲੋਕਾਂ ਵੱਲੋਂ ਲਗਾਏ ਗਏ ਅੰਦਾਜ਼ੇ ਧਰੇ ਧਰਾਏ ਰਹਿ ਗਏ, ਕਿਉਂਕਿ ਮਰਾੜ੍ਹ ਪਰਿਵਾਰ ਵੱਲੋਂ ਕੋਟਕਪੂਰਾ ਰੋਡ ਸਥਿਤ ਪੁਰਾਣੀ ਜੇਲ੍ਹ ਦੇ ਸਾਹਮਣੇ ਕਾਂਗਰਸ ਪਾਰਟੀ ਦਾ ਇੱਕ ਦਫ਼ਤਰ ਖੋਲ੍ਹ ਦਿੱਤਾ ਗਿਆ, ਜਿਸਦਾ ਉਦਘਾਟਨ ਇਕ ਛੋਟੀ ਜਿਹੀ ਬੱਚੀ ਤੋਂ ਰੀਬਨ ਕੱਟ ਕੇ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ, ਪਿੰਡਾਂ ਦੇ ਸਰਪੰਚ, ਸਫਾਈ ਸੇਵਕ ਯੂਨੀਅਨ ਦੇ ਆਗੂ, ਆੜ੍ਹਤੀਏ, ਪੈਸਟੀਸਾਈਜ਼ ਯੂਨੀਅਨ ਦੇ ਪ੍ਰਧਾਨ ਤੋਂ ਇਲਾਵਾ ਹੋਰ ਵੀ ਕਈ ਨਵੇਂ ਸਿਆਸੀ ਚਿਹਰੇ ਦੇਖਣ ਨੂੰ ਮਿਲੇ। ਇਸ ਮੌਕੇ ਸਾਬਕਾ ਵਿਧਾਇਕ ਕਰਨ ਕੌਰ ਬਰਾੜ, ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਸੀਨੀ. ਕਾਂਗਰਸੀ ਬਲਾਕ ਪ੍ਰਧਾਨ ਭਿੰਦਰ ਸ਼ਰਮਾ, ਬਿੱਲੂ ਸਿੱਧੂ ਆੜਤੀਆ ਨੇ ਵਿਸੇਸ਼ ਤੌਰ 'ਤੇ ਸ਼ਿਰਕਤ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਕਾਂਗਰਸੀ ਆਗੂ ਅਸ਼ੋਕ ਚੁੱਘ ਵੱਲੋਂ ਬਾਖੂਬੀ ਨਿਭਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬਾ ਕਰਨ ਕੌਰ ਬਰਾੜ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਮਰਾੜ੍ਹ ਪਰਿਵਾਰ ਪਿਛਲੇ ਕਰੀਬ ਸਾਢੇ ਚਾਰ ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ, ਉਨਾਂ੍ਹ ਦਾ ਬੇਟਾ ਸੁਖਪ੍ਰਰੀਤ ਬਲਾਕ ਸੰਮਤੀ ਮੈਂਬਰ ਹੈ ਤੇ ਇਸ ਪਰਿਵਾਰ ਨੇ ਹਰ ਤਰਾਂ੍ਹ ਦੀਆਂ ਸਿਆਸੀ ਚੋਣਾਂ 'ਚ ਕਾਂਗਰਸ ਪਾਰਟੀ ਦੇ ਝੰਡੇ ਹੇਠ ਰਹਿ ਕੇ ਪਾਰਟੀ ਦੀ ਸੇਵਾ ਕੀਤੀ ਹੈ। ਇਸ ਮੌਕੇ ਰਾਜਬਲਵਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ 'ਚ ਕਾਂਗਰਸ ਪਾਰਟੀ ਦਾ ਦਫ਼ਤਰ ਖੋਲ੍ਹਣ ਦਾ ਉਦੇਸ਼ ਇਹ ਹੈ ਕਿ ਉਹ ਹਰ ਸਮੇਂ ਲੋਕਾਂ 'ਚ ਰਹਿ ਕੇ ਆਪਣੇ ਇਲਾਕੇ ਦੀ ਸੇਵਾ ਕਰਨਾ ਚਾਹੁੰਦੇ ਹਨ, ਉਹ 12 ਘੰਟੇ ਸਮੇਂ ਇਸ ਦਫ਼ਤਰ 'ਚ ਹਾਜ਼ਰ ਰਹਿ ਕੇ ਲੋਕਾਂ ਦੀਆਂ ਸਮੱਸਿਆਵਾ ਸੁਣਨਗੇ ਅਤੇ ਉਨਾਂ੍ਹ ਨੂੰ ਹੱਲ ਕਰਾਉਣ ਦੀ ਕੋਸਿਸ਼ ਕਰਨਗੇ। ਇਸ ਮੌਕੇ ਸੁਖਪ੍ਰਰੀਤ ਸਿੰਘ ਮਰਾੜ੍ਹ ਬਲਾਕ ਸੰਮਤੀ ਮੈਂਬਰ ਸਪੁੱਤਰ ਰਾਜਬਲਵਿੰਦਰ ਸਿੰਘ ਮਰਾੜ੍ਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ ਕਿਹਾ ਸ੍ਰੀ ਮੁਕਤਸਰ ਸਾਹਿਬ 'ਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਹ ਸੰਭਵ ਕੋਸ਼ਿਸ਼ ਕਰਨਗੇ।