ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਕਾਂਗਰਸ ਸਰਕਾਰ ਨੇ ਵੱਡੇ ਵੱਡੇ ਇਸ਼ਤਿਹਾਰਾਂ ਦੇ ਰੂਪ 'ਚ ਲੋਕਾਂ ਨੂੰ ਵਿਕਾਸ ਦੇ ਨਾਮ 'ਤੇ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨਣਾ ਕਾਂਗਰਸ ਦੀ ਇਕ ਚਾਲ ਹੈ, ਕਿਉਂਕਿ ਕਾਂਗਰਸ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜ਼ਕਾਲ ਦੀਆਂ ਨਾਕਾਮੀਆਂ 'ਤੇ ਪਰਦਾ ਪਾਉਣਾ ਚਾਹੁੰਦੀ ਹੈ। ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੇਂਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ 'ਚ ਸੰਬੋਧਨ ਕਰਦਿਆਂ ਕੀਤਾ। ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼ੋ੍ਰਮਣੀ ਅਕਾਲੀ ਵੱਲੋਂ ਦਿੱਤੇ ਗਏ 13 ਨੁਕਾਤੀ ਪੋ੍ਗਰਾਮਾਂ ਨੂੰ ਲੋਕਾਂ ਤੱਕ ਪੁੱਜਦਾ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਵਾਰਡਾਂ 'ਚ ਪੁੱਜੇ ਸਨ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਇਸ ਸਮੇਂ ਮੁਸ਼ਕਲ ਲੜਾਈ ਲੜ ਰਹੀ ਹੈ ਕਿਉਂਕਿ ਕਾਂਗਰਸ, ਆਪ ਤੇ ਬੀਜੇਪੀ ਦਾ ਇਕੋ ਇਕ ਨਿਸ਼ਾਨਾ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ। ਉਨਾਂ੍ਹ ਕਿਸਾਨੀ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਕਾਲੇ ਕਾਨੂੰਨਾਂ ਦਾ ਵਿਰੋਧ ਸਭ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਕੀਤਾ ਗਿਆ ਕਿਉਂਕਿ ਅਕਾਲੀ ਦਲ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਹੈ। ਉਨਾਂ੍ਹ ਕਿਹਾ ਕਿ ਉਨਾਂ੍ਹ ਕੋਲ ਲੋਕਾਂ ਦਾ ਵਿਸ਼ਵਾਸ਼ ਹੈ ਤੇ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਾਂ ਦੇ ਕੀਤੇ ਗਏ ਕੰਮ ਹਨ, ਜਿਸ ਨੂੰ ਅਧਾਰ ਬਣਾ ਕੇ ਉਹ 2022 ਦੀਆਂ ਚੋਣਾਂ ਲੜਨ ਜਾ ਰਹੇ ਹਨ। ਉਨਾਂ੍ਹ ਮੁੱਖ ਮੰਤਰੀ ਚੰਨੀ ਬਾਰੇ ਬੋਲਦਿਆਂ ਕਿਹਾ ਕਿ ਉਹ ਤਾਂ ਜ਼ਿਆਦਾਤਰ ਦਿੱਲੀ ਵਿਖੇ ਹੀ ਨਜ਼ਰ ਆਉਂਦੇ ਹਨ, ਉਨਾਂ੍ਹ ਨੂੰ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਦੀ ਕੋਈ ਪ੍ਰਵਾਹ ਨਹੀਂ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਦੋਂ ਵੀ ਪੰਜਾਬ ਦਾ ਵਿਕਾਸ ਹੋਇਆ ਹੈ ਉਹ ਸ਼ੋ੍੍ਮਣੀ ਅਕਾਲੀ ਦਲ ਨੇ ਹੀ ਕੀਤਾ ਹੈ। ਮਹਿੰਗਾਈ ਦਿਨ ਬ ਦਿਨ ਵੱਧਦੀ ਜਾ ਰਹੀ ਹੈ, ਹਰ ਤਰਾਂ੍ਹ ਦਾ ਟੈਕਸ ਪੰਜਾਬ ਸਰਕਾਰ ਵੱਲੋਂ ਲਗਾਇਆ ਜਾ ਰਿਹਾ ਹੈ ਤੇ ਫਿਰ ਖਜਾਨਾ ਖਾਲੀ ਹੋਣ ਦੀਆਂ ਦੁਹਾਈਆਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਉਨਾਂ੍ਹ ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ 'ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਜੋ ਸਰਕਾਰ ਦਿੱਲੀ 'ਚ ਵਿਕਾਸ ਨਹੀਂ ਕਰ ਸਕੀ ਉਹ ਪੰਜਾਬ 'ਚ ਕੀ ਕਰੇਗੀ। ਉਨਾਂ੍ਹ ਕੇਜ਼ਰੀਵਾਲ ਨੂੰ ਪ੍ਰਵਾਸੀ ਪੰਛੀ ਦੱਸਦਿਆਂ ਕਿਹਾ ਕਿ ਚੋਣਾਂ ਨਜ਼ਦੀਕ ਆਉਂਦੇ ਹੀ ਇਹ ਪੰਛੀ ਪੰਜਾਬ ਵੱਲ ਆ ਤੁਰਦੇ ਹਨ। ਇਸ ਦੌਰਾਨ ਉਹ ਸ੍ਰੀ ਦਰਬਾਰ ਸਾਹਿਬ ਸ੍ਰੀ ਟੁੱਟੀ ਗੰਢੀ ਸਾਹਿਬ ਤੇ ਸ੍ਰੀ ਤਰਨਤਾਰਨ ਸਾਹਿਬ ਵਿਖੇ ਵੀ ਨਤਮਸਤਕ ਹੋਏ ਤੇ ਅਕਾਲੀ ਆਗੂਆਂ ਤੇ ਵਰਕਰਾਂ ਦੇ ਕਾਫਲੇ ਨਾਲ ਸ਼ਹਿਰ 'ਚ ਰੋਡ ਸ਼ੋ ਵੀ ਕੀਤਾ। ਇਸ ਮੌਕੇ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਿਹਾ ਕਿ ਲੋਕ ਕਾਂਗਰਸ ਸਰਕਾਰ ਤੋਂ ਅੱਕ ਚੁੱਕੇ ਹਨ ਤੇ ਕਾਂਗਰਸ ਨੂੰ ਚਲਦਾ ਕਰਨ ਲਈ ਕਾਹਲੇ ਹਨ। ਇਸ ਮੌਕੇ ਅਕਾਲੀ ਆਗੂ ਮਨਜਿੰਦਰ ਸਿੰਘ ਬਿੱਟੂ, ਯੂਥ ਆਗੂ ਕਾਕੂ ਸੀਰਵਾਲੀ, ਸਿਆਸੀ ਸਕੱਤਰ ਬਿੰਦਰ ਗੋਨਿਆਣਾ ਆਦਿ ਤੋਂ ਇਲਾਵਾ ਹੋਰ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।