ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਅਕਾਲੀ ਦਲ ਵਾਲੇ ਆਪਣੇ ਹੋਟਲ ਬਣਾਉਣ ਲਈ ਵੋਟ ਮੰਗਦੇ ਹਨ ਤੇ ਕਾਂਗਰਸੀ ਆਪਣੇ ਘਰਾਂ ’ਤੇ ਹੈਲੀਪੈਡ ਬਣਾਉਣ ਲਈ ਵੋਟ ਮੰਗਦੇ ਹਨ ਪਰ ਅਸੀਂ ਸਰਕਾਰੀ ਸਕੂਲ ਬਣਵਾਉਣ ਲਈ ਵੋਟ ਮੰਗਦੇ ਹਾਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਤੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸ਼ੋਦੀਆ ਨੇ ਸੋਮਵਾਰ ਨੂੰ ਮੁਕਤਸਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ’ਚ ਚੋਣ ਪ੍ਰਚਾਰ ਲਈ ਕੱਢੇ ਰੋਡ ਸ਼ੋਅ ਦੌਰਾਨ ਕੀਤਾ।

ਉਨ੍ਹਾਂ ਕਿਹਾ ਕਿ ਕਾਂਗਰਸੀ ਤੇ ਅਕਾਲੀ ਦਲ ਵਾਲੇ ਵੋਟਾਂ ’ਚ ਪੈਸਾ ਵੰਡਦੇ ਹਨ ਕਿਉਂਕਿ ਇਨ੍ਹਾਂ ਨੇ ਪੈਸਾ ਕਮਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਤੇ ਅਕਾਲੀ ਦਲ ਵਾਲਿਆਂ ਨੇ ਸਰਕਾਰੀ ਖਜਾਨੇ ’ਚੋਂ ਚੋਰੀ ਕਰਕੇ ਪੈਸਾ ਕਮਾਇਆ ਹੈ ਜੋ ਲੋਕਾਂ ਦਾ ਹੀ ਹੈ, ਪੈਸਾ ਲੈ ਲਓ ਪਰ ਵੋਟ ‘ਆਪ’ ਨੂੰ ਪਾਓ।

ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਪੈਸੇ ਨਾਲ ਸਾਡੀ ਵੋਟ ਨਹੀਂ ਖਰੀਦ ਸਕਦੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ’ਚ ਸਰਕਾਰ ਬਣਨ ’ਤੇ ਸਰਕਾਰੀ ਸਕੂਲਾਂ ਨੂੰ ਅਜਿਹਾ ਬਣਾ ਦੇਵਾਂਗੇ ਕਿ ਬੱਚਿਆਂ ਨੂੰ ਕੈਨੇਡਾ, ਅਮਰੀਕਾ ਜਾਣ ਦੀ ਲੋੜ ਨਹੀਂ ਪੈਣੀ, ਰੁਜ਼ਗਾਰ ਦੇ ਪ੍ਰਬੰਧ ਕਰਾਂਗੇ, ਬਿਜਲੀ, ਪਾਣੀ ਦਾ ਮਸਲਾ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਭਗਵੰਤ ਮਾਨ ਦਾ ਸਾਥ ਦਿਓ ਤਾਂ ਆਮ ਆਦਮੀ ਪਾਰਟੀ ਪੂਰੀ ਇਮਾਨਦਾਰੀ ਨਾਲ ਪੰਜਾਬ ਨੂੰ ਖੁਸ਼ਹਾਲ ਬਣਾਵੇਗੀ।

Posted By: Sunil Thapa