ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਸਥਾਨਕ ਅਦੇਸ਼ ਨਗਰ ਵਾਸੀ ਸੀਆਈਡੀ ਅਫ਼ਸਰ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾਉਣ ਤੋਂ ਬਾਅਦ ਪਾਜ਼ੇਟਿਵ ਪਾਇਆ ਗਿਆ ਹੈ। ਫ਼ਿਲਹਾਲ ਉਹ ਆਪਣੇ ਘਰ ਵਿਚ ਆਈਸੋਲੇਟ ਹੈ। ਸੀਆਈਡੀ ਅਫ਼ਸਰ ਨੇ ਦੱਸਿਆ ਕਿ ਉਸ ਨੇ 16 ਫ਼ਰਵਰੀ ਨੂੰ ਪਹਿਲੀ ਤੇ 16 ਮਾਰਚ ਨੂੰ ਦੂਜੀ ਡੋਜ਼ ਲਵਾਈ ਸੀ, ਇਸ ਤੋਂ ਬਾਅਦ 23 ਮਾਰਚ ਨੂੰ ਉਨ੍ਹਾਂ ਫੇਰ ਕੋਰੋਨਾ ਟੈਸਟ ਕਰਵਾਇਆ ਸੀ ਜੋ ਕਿ 26 ਮਾਰਚ ਨੂੰ 'ਪਾਜ਼ੇਟਿਵ' ਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਖੁਦ ਨੂੰ ਆਈਸੋਲੇਟ ਕਰ ਲਿਆ।

ਉਨ੍ਹਾਂ ਦੱਸਿਆ ਕਿ ਘਰ ਵਿਚ ਉਹ ਤੇ ਉਸ ਦੀ ਪਤਨੀ ਰਹਿੰਦੇ ਹਨ ਜਦਕਿ ਉਨ੍ਹਾਂ ਦੇ ਬੱਚੇ ਪਰਦੇਸ ਵਿਚ ਹਨ। ਉਨ੍ਹਾਂ ਦੱਸਿਆ ਕਿ ਜਦ ਤੋਂ ਉਹ ਦੁਬਾਰਾ ਪਾਜ਼ੇਟਿਵ ਪਾਏ ਗਏ ਹਨ ਤੇ ਆਈਸੋਲੇਟ ਹਨ, ਇਸ ਦੌਰਾਨ ਸਿਹਤ ਵਿਭਾਗ ਵੱਲੋਂ ਕੋਈ ਵੀ ਕਰਮਚਾਰੀ ਉਨ੍ਹਾਂ ਦੇ ਘਰ ਹਾਲ ਚਾਲ ਜਾਨਣ ਨਹੀਂ ਆਇਆ। ਇਸ ਬਾਰੇ ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਦਾ ਫ਼ਾਇਦਾ ਇਹ ਹੈ ਕਿ ਇਹ ਇਨਫੈਕਸ਼ਨ ਨੂੰ ਘੱਟ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਦਾ ਪੂਰੀ ਤਰ੍ਹਾਂ ਪਤਾ ਇਕ ਵਰ੍ਹੇ ਬਾਅਦ ਲੱਗਦਾ ਹੈ ਜਦਕਿ ਵੈਕਸੀਨ ਆਈ ਨੂੰ ਸਾਲ ਤਾਂ ਹੋਇਆ ਹੀ ਨਹੀਂ ਹੈ। ਟੀਕਾਕਰਨ ਦਾ ਫਾਇਦਾ ਇਹ ਹੈ ਕਿ ਇਸ ਨਾਲ ਵਿਅਕਤੀ ਵਿਚ ਵਾਇਰਸ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਦੇ ਨਾਲ-ਨਾਲ ਮਾਸਕ ਪਹਿਨਣ ਤੇ ਹੋਰ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।