ਜਗਸੀਰ ਸਿੰਘ ਛੱਤਿਆਣਾ, ਗਿੱਦੜਬਾਹਾ : ਪੰੰਜਾਬ ’ਚ ਚੋਣ ਸਰਵੇ ਕੇਵਲ ਪੈਸੇ ਦੇ ਕੇ ਹੋ ਰਹੇ ਹਨ, ਇਸ ਲਈ ਆਮ ਆਦਮੀ ਪਾਰਟੀ ਨੇ 800 ਕਰੋੜ ਰੁਪਏ ਦਾ ਬਜਟ ਰੱਖਿਆ ਹੈ, ਜਦੋਂਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 250 ਕਰੋੜ ਰੁਪਏ ਦਾ ਬੱਜਟ ਰੱਖਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਗਿੱਦੜਬਾਹਾ ਦੇ ਪਿੰਡ ਕੋਟਭਾਈ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਅੰਦਰ ਸ਼ੋ੍ਅਦ ਅਤੇ ਬਸਪਾ ਗਠਜੋੜ ਦੀ ਲਹਿਰ ਚੱਲ ਰਹੀ ਹੈ ਅਤੇ ਗਠਜੋੜ 80 ਤੋਂ 85 ਸੀਟਾਂ ’ਤੇ ਜਿੱਤ ਪ੍ਰਾਪਤ ਕਰੇਗਾ, ਜਦੋਂਕਿ ਕਾਂਗਰਸ ਦੇ ਹਿੱਸੇ 15 ਤੋਂ ਵੀ ਘੱਟ ਸੀਟਾਂ ਆਉਣਗੀਆਂ ਅਤੇ ਆਮ ਆਦਮੀ ਪਾਰਟੀ ਨੂੰ ਵੀ ਕੇਵਲ 10 ਸੀਟਾਂ ਹੀ ਪ੍ਰਾਪਤ ਹੋਣਗੀਆ। ਸ. ਬਾਦਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਹਿਤੈਸ਼ੀ ਨਹੀਂ ਹਨ ਅਤੇ ਇੰਨਾਂ ਵੱਲੋਂ ਜਿੱਥੇ ਪੰਜਾਬ ਦੇ ਥਰਮਲ ਪਲਾਟਾਂ ਨੂੰ ਬੰਦ ਕੀਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ, ਉਥੇ ਹੀ ਐਸਵਾਈਐਲ ਨਹਿਰ ਕਢਵਾਉਣਾ ਚਾਹੁੰਦੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤਿੰਨ ਮਹੀਨਿਆਂ ਵਿਚ ਹੀ ਮੁੱਖ ਮੰਤਰੀ ਚੰਨੀ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਲੁੱਟਿਆ, ਸਭ ਤੋਂ ਵੱਧ ਰੇਤ ਮਾਫੀਆਂ ਅਤੇ ਫਿਰ ਬਦਲੀਆਂ ਤੇ ਇੰਡਸਟ੍ਰੀਲਿਸਟਾਂ ਪਾਸੋਂ ਵੀ ਮੋਟੀਆਂ ਰਕਮਾਂ ਹਾਸਲ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਈਡੀ ਦੀ ਰੇਡ ਤੋਂ ਬਾਅਦ ਹੁਣ ਡਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਮੈਨੀਫੈਸਟੋ ਇਕ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ, ਜਿਸ ਦਾ ਉਹ ਵੀ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਜੋ ਰਾਜਨੀਤਕ ਦਲ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਪੂਰੇ ਨਹੀਂ ਕਰਦਾ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਉਹ ਅਗਲੀ ਵਾਰ ਉਸ ਰਾਜਨੀਤਕ ਦਲ ਨੂੰ ਚੋਣ ਲੜਣ ਦੇ ਅਧਿਕਾਰ ਤੋਂ ਵਾਂਝਾ ਕਰੇ। ਇਸਤੋਂ ਪਹਿਲਾਂ ਪਿੰਡ ਕੋਟਭਾਈ ਵਿਖੇ ਆਪਣੇ ਸੰਬੋਧਨ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸ਼ੋ੍ਅਦ ਬਸਪਾ ਗਠਜੋੜ ਸਰਕਾਰ ਬਣਨ ਦੇ ਪਹਿਲੇ ਮਹੀਨੇ ਹੀ ਜਿੰਨਾਂ ਕਿਸਾਨਾਂ ਪਾਸ ਮੋਟਰਾਂ ਦੇ ਕੁਨੈਕਸ਼ਨ ਨਹੀਂ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਕੁਨੈਕਸ਼ਨ ਦਿੱਤੇ ਜਾਣਗੇ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸ਼ਿਅਦ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦਾ ਸਾਥ ਦੇਣ ਤਾਂ ਜੋ ਪੰਜਾਬ ਦੀ ਤਰੱਕੀ ਦੀ ਸ਼ੁਰੂਆਤ ਗਿੱਦੜਬਾਹਾ ਹਲਕੇ ਤੋਂ ਕੀਤੀ ਜਾ ਸਕੇ।

Posted By: Tejinder Thind