ਜਗਸੀਰ ਛੱਤਿਆਣਾ, ਗਿੱਦੜਬਾਹਾ : ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜ਼ਰੀ 'ਚ ਨਗਰ ਕੌਂਸਲ ਗਿੱਦੜਬਾਹਾ ਦੀ ਚੋਣ ਹੋਈ, ਜਿਸ 'ਚ ਸਰਬਸੰਮਤੀ ਨਾਲ ਵਾਰਡ ਨੰਬਰ 18 ਤੋਂ ਕੌਂਸਲਰ ਨਰਿੰਦਰ ਕੁਮਾਰ ਬਿੰਟਾ ਅਰੋੜਾ ਨੂੰ ਪ੍ਰਧਾਨ ਚੁਣਿਆ ਗਿਆ, ਜਦਕਿ ਵਾਰਡ ਨੰਬਰ 5 ਤੋਂ ਕੌਂਸਲਰ ਅਨੂੰ ਬਾਲਾ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਵਾਰਡ ਨੰਬਰ 10 ਤੋਂ ਜਗਮੀਤ ਸਿੰਘ ਲੱਖਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਪ੍ਰਧਾਨਗੀ ਲਈ ਬਿੰੰਟਾ ਅਰੋੜਾ ਦੇ ਨਾਮ ਦਾ ਪ੍ਰਸਤਾਵ ਵਾਰਡ ਨੰਬਰ 2 ਤੋਂ ਕੌਂਸਲਰ ਨਰਿੰਦਰ ਸਿੰਘ ਭੋਲਾ ਨੇ ਰੱਖਿਆ, ਜਦਕਿ ਵਾਰਡ ਨੰਬਰ 4 ਤੋਂ ਕੌਂਸਲਰ ਕੁਲਵੰਤ ਸਿੰਘ ਪ੍ਰਧਾਨ ਨੇ ਤਈਦ ਕੀਤੀ। ਉਸ ਤੋਂ ਬਾਅਦ ਸਮੂਹ ਕੌਂਸਲਰਾਂ ਨੇ ਆਪਣੀ ਸਹਿਮਤੀ ਜਤਾਈ। ਚੋਣ ਉਪੰਰਤ ਚੁਣੇ ਹੋਏ ਅਹੁਦੇਦਾਰਾਂ ਦੇ ਹਾਰ ਪਾ ਕੇ ਤੇ ਮੂੰਹ ਮਿੱਠਾ ਕਰਵਾ ਕੇ ਰਾਜਾ ਵੜਿੰਗ ਨੇ ਵਧਾਈ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਗਿੱਦੜਬਾਹਾ ਨਗਰ ਕੌਸਲ ਦਾ ਗਠਨ ਹੋਣ ਤੋਂ ਬਾਅਦ ਉਨ੍ਹਾਂ ਦੇ ਸੁਪਨਿਆਂ ਦਾ ਗਿੱਦੜਬਾਹਾ ਬਣਨ 'ਚ ਦੇਰ ਨਹੀਂ ਲੱਗੇਗੀ, ਕਿਉਂਕਿ ਅਨੇਕਾਂ ਅਜਿਹੇ ਕੰਮ ਹਨ ਜਿਨ੍ਹਾ ਤੇ ਪ੍ਰਧਾਨ ਦੀ ਸਹਿਮਤੀ ਜ਼ਰੂੁਰੀ ਹੁੰਦੀ ਹੈ ਪਰ ਪ੍ਰਧਾਨ ਨਾ ਹੋਣ ਕਾਰਨ ਕਹੀ ਕੰਮ ਅਧੂਰੇ ਸਨ, ਜਿਨ੍ਹਾਂ ਨੂੰ ਹੁਣ ਪਹਿਲ ਦੇ ਅਧਾਰੇ 'ਤੇ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਓਮ ਪ੍ਰਕਾਸ਼ ਐਸਡੀਐਮ ਗਿੱਦੜਬਾਹਾ ਨੇ ਦੱਸਿਆ ਕਿ ਚੁਣੇ ਗਏ ਕੌਸਲਰਾਂ ਦੀ ਮੀਟਿੰਗ ਰੱਖੀ ਗਈ ਸੀ ਜਿਸ 'ਚ ਸਹੁੰ ਚੁੱਕਣ ਦੀ ਰਸਮ ਤੋਂ ਬਾਅਦ ਪੰਜ ਸਾਲ ਦੇ ਸਮੇਂ ਲਈ ਸਰਬ ਸੰਮਤੀ ਨਾਲ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਲਈ ਚੋਣ ਕੀਤੀ ਗਈ ਗਈ ਹੈ। ਨਵ ਨਿਯੁਕਤ ਪ੍ਰਧਾਨ ਬਿੰਟਾ ਅਰੋੜਾਂ ਨੇ ਕਿਹਾ ਕਿ ਉਹ ਹਲਕਾ ਵਿਧਾਇਕ ਦੀਆਂ ਆਸਾਂ ਉਮੀਦਾਂ 'ਤੇ ਖਰ੍ਹਾ ਉਤਰਣਗੇ ਅਤੇ ਸਮੂਹ ਕੌਂਸਲਰਾਂ ਨੂੰ ਨਾਲ ਲੈ ਕੇ ਚੱਲਣਗੇ ਤੇ ਸ਼ਹਿਰ ਦੇ ਸਰਵਪੱਖੀ ਵਿਕਾਸ ਵਿਚ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ਜਗਸੀਰ ਸਿੰਘ ਧਾਲੀਵਾਲ ਕਾਰਜ ਸਾਧਕ ਅਫਸਰ, ਡੀਐਸਪੀ ਨਰਿੰਦਰ ਸਿੰਘ, ਐਸਐਚਓ ਅੰਗਰੇਜ਼ ਸਿੰਘ, ਕੌਸਲਰ ਰਾਜੇਸ ਬਿੱਟੂ ਗਾਂਧੀ ਸਾਬਕਾ ਪ੍ਰਧਾਨ, ਕੁਲਵੰਤ ਸਿੰਘ, ਰਾਜੀਵ ਮਿੱਤਲ ਕੌਸਲਰ, ਕੌਸਲਰ ਭੋਲਾ ਸਿੰਘ, ਬਿੱਟੂ ਡੇਅਰੀ ਵਾਲਾ ਸਾਬਕਾ ਕੌਸਲਰ, ਪਿੰਟੂ ਭੱਠੇ ਵਾਲਾ, ਸਰੂਪ ਸਿੰਘ ਗਿੱਲ, ਰੌਕਸੀ ਬਰਾੜ ਛੱਤਿਆਣਾ ਤੋ ਇਲਾਵਾ ਕਾਂਗਰਸੀ ਵਰਕਰ ਤੇ ਆਗੂ ਹਾਜ਼ਰ ਸਨ।