ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮਹੀਨਾਵਾਰ ਮੀਟਿੰਗ ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਲਿ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾ ਗੁੱਜਰ ਦੀ ਪ੍ਰਧਾਨਗੀ 'ਚ ਹੋਈ। ਜਿਸ 'ਚ ਜਥੇਬੰਦੀ ਦੀ ਮੈਂਬਰਸ਼ਿਪ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਜ਼ਿਲ੍ਹੇ ਅੰਦਰ ਸੇਮ ਮਾਰੇ ਏਰੀਏ ਹੋਣ ਕਾਰਨ ਤੇ ਜਮੀਨ 'ਚ ਪਾਣੀ ਖਾਰਾ ਹੋਣ ਕਾਰਨ ਨਹਿਰੀ ਪਾਣੀ ਦੀ ਆ ਰਹੀ ਸਮੱਸਿਆ ਬਾਰੇ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜ਼ਿਲ੍ਹੇ ਅੰਦਰ ਪੈਂਦੀਆਂ ਟੇਲਾਂ 'ਤੇ ਪਾਣੀ ਪੁੱਜਦਾ ਕੀਤਾ ਜਾਵੇ। ਆਗੂਆਂ ਨੇ ਸ੍ਰੀ ਮੁਕਤਸਰ ਸਾਹਿਬ ਤੋਂ ਫਿਰੋਜ਼ਪੁਰ ਰੋਡ ਦੀ ਖਸਤਾ ਹਾਲਤ ਸਬੰਧੀ ਚਿੰਤਾ ਪ੍ਰਗਟ ਕਰਦੇ ਹੋਏ ਦੱਸਿਆ ਕਿ ਇਸ ਸੜ੍ਹਕ ਦੀ ਹਾਲਤ ਬਹੁਤ ਮਾੜੀ ਹੈ, ਜਿਸ ਕਾਰਨ ਇਹ ਸੜ੍ਹਕ ਕਈ ਤਰਾਂ੍ਹ ਦੇ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ, ਆਗੂਆਂ ਨੇ ਇਹ ਵੀ ਕਿਹਾ ਕਿ ਸੜ੍ਹਕਾਂ 'ਤੇ ਘੁੰਮ ਰਹੇ ਅਵਾਰਾ ਪਸ਼ੂ ਵੀ ਸੜ੍ਹਕੀ ਹਾਦਸਿਆਂ ਦਾ ਕਾਰਨ ਬਣਦੇ ਹਨ, ਸਰਕਾਰ ਉਕਤ ਸਾਰੀਆਂ ਮੁਸ਼ਕਲਾਂ ਵੱਲ ਧਿਆਨ ਦੇਵੇ ਤੇ ਇਨਾਂ੍ਹ ਨੂੰ ਦੂਰ ਕਰੇ। ਆਗੂਆਂ ਨੇ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੇ ਜਾ ਰਹੇ ਮੁਆਵਜੇ ਨੂੰ ਕੋਝਾ ਮਜਾਕ ਦੱਸਦੇ ਹੋਏ ਕਿਹਾ ਕਿ ਨਰਮੇ ਦਾ ਮੁਆਵਜਾ ਸਹੀ ਢੰਗ ਨਾਲ ਗਰਦਾਵਰੀ ਕਰਵਾ ਕੇ ਘੱਟ ਤੋਂ ਘੱਟ 17 ਹਜ਼ਾਰ ਪ੍ਰਤੀ ਏਕੜ ਦਿੱਤਾ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਅਵਤਾਰ ਸਿੰਘ ਮਿੱਠੜੀ ਬਲਾਕ ਪ੍ਰਧਾਨ ਲੰਬੀ, ਹਰਿੰਦਰ ਸਿੰਘ ਥਾਂਦੇਵਾਲਾ ਤੇ ਸ੍ਰੀ ਮੁਕਤਸਰ ਸਾਹਿਬ ਦੇ ਹੋਰ ਕਿਸਾਨ ਆਗੂ ਮੌਜੂਦ ਸਨ।