ਅਮਨਦੀਪ ਮਹਿਰਾ, ਮਲੋਟ : ਡੀਏਵੀ ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵੱਲੋਂ ਪਿ੍ਰੰਸੀਪਲ ਸੰਧਿਆ ਬਠਲਾ ਦੀ ਅਗਵਾਈ ਹੇਠ ਸੜਕ ਸੁਰੱਖਿਆ ਸਬੰਧੀ ਸੈਮੀਨਾਰ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਕਸ਼ਮੀਰ ਮਾਲੀ ਏਐਸਆਈ ਤੇ ਮੁੱਖ ਬੁਲਾਰੇ ਇਕਬਾਲ ਸਿੰਘ ਏਐਸਆਈ ਸਨ। ਇਸ ਮੌਕੇ ਮੁੱਖ ਬੁਲਾਰੇ ਇਕਬਾਲ ਸਿੰਘ ਨੇ ਸੰਬੋਧਨ 'ਚ ਵਿਦਿਆਰਥੀਆਂ ਨੂੰ ਵੱਖ-ਵੱਖ ਉਦਾਹਰਣਾਂ ਰਾਹੀਂ ਸਮਝਾਉਂਦੇ ਹੋਏ ਕਿਹਾ ਕਿ ਸਾਨੂੰ ਕਦੇ ਵੀ ਨਸ਼ਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸੜਕ 'ਤੇ ਚੱਲਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਮੁੱਖ ਬੁਲਾਰੇ ਨੇ ਨੁਸਖੇ ਤੇ ਜਾਣਕਾਰੀ ਦੇਣ ਵਾਲੇ ਸੰਕੇਤਾਂ ਦੀ ਵਿਆਖਿਆ ਕਰਦਿਆਂ ਕਿਹਾ ਕਿ ਸਾਨੂੰ ਹਮੇਸ਼ਾਂ ਇਨ੍ਹਾਂ ਸਾਰੇ ਟ੍ਰੈਫਿਕ ਚਿੰਨ੍ਹਾਂ ਨੂੰ ਵੇਖਣਾ ਚਾਹੀਦਾ ਹੈ ਤੇ ਉਸ ਅਨੁਸਾਰ ਚੱਲਣਾ ਚਾਹੀਦਾ ਹੈ। ਡਰਾਈਵਿੰਗ ਕਰਦੇ ਸਮੇਂ ਸੀਟ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਗੱਡੀ ਨਹੀਂ ਚਲਾਉਣੀ ਚਾਹੀਦੀ। ਇਸ ਮੌਕੇ ਸਕੂਲ ਪਿ੍ਰੰਸੀਪਲ ਸੰਧਿਆ ਬਠਲਾ ਨੇ ਸਮੂਹ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨਗੇ ਤੇ ਸਾਂਝੇ ਯਤਨਾਂ ਸਦਕਾ, ਨਿਸ਼ਚਤ ਰੂਪ 'ਚ ਸ਼ਹਿਰ ਦੇ ਟ੍ਰੈਫਿਕ ਸਿਸਟਮ ਨੂੰ ਚੰਗੀ ਤਰ੍ਹਾਂ ਤੇ ਚਲਾਉਣ 'ਚ ਸਹਾਇਤਾ ਕਰਾਂਗੇ। ਇਸ ਮੌਕੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ 'ਚ ਨਸ਼ਿਆਂ ਤੋਂ ਦੂਰ ਰਹਿਣ ਲਈ ਵਿਸ਼ੇ 'ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਈ-ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਗੁਰਸੇਵਕ ਸਿੰਘ, ਸਮਨਦੀਪ ਸਿੰਘ ਪੁਲਿਸ ਕਰਮਚਾਰੀ ਮੌਜੂਦ ਸਨ।