ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਹੋਮਿਓਪੈਥਿਕ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹਾ ਹੋਮਿਓਪੋਥੀ ਅਫ਼ਸਰ ਡਾ. ਹਰਿੰਦਰ ਸਿੰਘ ਵੱਲੋਂ ਪੋਸ਼ਣ ਅਭਿਆਨ ਤਹਿਤ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ, ਆਦੇਸ਼ ਨਰਸਿੰਗ ਕਾਲਜ ਅਤੇ ਸੇਂਟ ਸਹਾਰਾ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਸਮੂਹਿਕ ਤੌਰ 'ਤੇ ਜਾਗਰੂਕ ਕੀਤਾ ਗਿਆ। ਡਾ. ਹਰਿੰਦਰ ਸਿੰਘ ਨੇ ਕਿਹਾ ਕਿ ਪ੍ਰਰੋਟੀਨ ਯੁਕਤ ਬੈਲੇਂਸਡ ਡਾਈਟ (ਸੰਪੂਰਨ ਆਹਾਰ) ਤਾਂ ਉਪਯੋਗੀ ਹੈ ਜੇਕਰ ਇਸਨੂੰ ਪਰਸਨਲ ਹਾਈਜੀਨ ਦੇ ਮਹੱਤਵ ਨਾਲ ਉਪਯੋਗ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦੇ ਮਾਮਲੇ 'ਚ ਦੁਨੀਆਂ ਦੇ 141 ਦੇਸ਼ਾਂ 'ਚ ਭਾਰਤ ਦਾ ਪਹਿਲਾ ਸਥਾਨ ਹੈ। ਉਨ੍ਹਾਂ ਦੱਸਿਆ ਕਿ ਭਾਰਤ 'ਚ ਲਗਪਗ 19.44 ਕਰੋੜ ਲੋਕ ਕੁਪੋਸ਼ਿਤ ਹਨ। ਨਵ ਜੰਮੇ ਤੋਂ ਲੈ ਕੇ 6 ਸਾਲ ਤਕ ਬੱਚਿਆਂ ਦੀ ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ। ਗਰਭਵਤੀ ਅੌਰਤਾਂ 'ਚ ਖੂਨ ਦੀ ਕਮੀ ਜੱਚਾ ਬੱਚਾ ਦੋਵਾਂ ਲਈ ਨੁਕਸਾਨਦੇਹ ਹੈ। ਉਨ੍ਹਾਂ ਲੋਕਾਂ ਨੂੰ ਜਾਗਰੂਕਤਾ ਲਹਿਰ ਦਾ ਹਿੱਸਾ ਬਣ ਕੇ ਸਵੱਛ ਭਾਰਤ 'ਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸੁਨੀਤਾ ਰਾਣੀ, ਲਾਲ ਸਿੰਘ ਫਾਰਮਾਸਿਸਟ, ਸਤੀਸ਼ ਕੁਮਾਰ ਕਾਕਾ ਆਦਿ ਮੌਜੂਦ ਸਨ।