ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਆਸ਼ਾ ਵਰਕਰ ਤੇ ਫੈਸਿਲੀਟੇਟਰਜ਼ ਯੂਨੀਅਨ ਪੰਜਾਬ ਦੇ ਫੈਸਲੇ ਅਨੁੁਸਾਰ ਅੱਜ ਜ਼ਲਿ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਰਾਹੀਂ ਸਿਹਤ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ। ਜ਼ਲਿ੍ਹਾ ਸੀਨੀਅਰ ਮੀਤ ਪ੍ਰਧਾਨ ਹਰਪਾਲ ਕੌਰ ਦੀ ਅਗਵਾਈ ਹੇਠ ਜੱਥੇਬੰਦੀ ਦੁਆਰਾ ਇਸ ਮੰਗ ਪੱਤਰ ਰਾਹੀਂ ਸਿਹਤ ਮੰਤਰੀ ਪੰਜਾਬ ਪਾਸੋਂ ਮੰਗ ਕੀਤੀ ਗਈ ਕਿ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਘੱਟੋ-ਘੱਟ ਉਜਰਤ ਕਾਨੂੰਨ ਅਧੀਨ ਲਿਆਂਦਾ ਜਾਵੇ। ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਹੋਏ ਵਾਅਦੇ ਅਨੁਸਾਰ ਸਾਰੇ ਇੰਨਸੈਟਿਵ ਤੇ ਭੱਤੇ ਦੁੱਗਣੇ ਕੀਤੇ ਜਾਣ, ਕੱਟਿਆ ਹੋਇਆ ਕੋਵਿਡ ਭੱਤਾ ਬਹਾਲ ਕੀਤਾ ਜਾਵੇ ਅਤੇ ਮੰਗ ਪੱਤਰ ਵਿੱਚ ਦਰਜ ਹੋਰ ਮੰਗਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਜੱਥੇਬੰਦੀ ਨੂੰ ਜਲਦ ਸਮਾਂ ਦੇ ਕੇ ਗੱਲਬਾਤ ਕੀਤੀ ਜਾਵੇ। ਜੱਥੇਬੰਦੀ ਦੇ ਜ਼ਲਿ੍ਹਾ ਮੀਤ ਪ੍ਰਧਾਨ ਸੁਖਜੀਵਨ ਬਾਵਾ ਅਤੇ ਜੁਆਇੰਟ ਸਕੱਤਰ ਲਖਵੀਰ ਕੌਰ ਨੇ ਚਿਤਾਵਨੀ ਦਿਤੀ ਕਿ ਜੇਕਰ ਉਹਨਾ ਦੀਆਂ ਮੰਗਾਂ ਪ੍ਰਤੀ ਹਾਂ ਪੱਖੀ ਹੁੰਗਾਰਾ ਨਾ ਮਿਲਿਆ ਤਾਂ ਜੱਥੇਬੰਦੀ ਦਾ ਮਾਸ ਡੈਪੂਟੇਸ਼ਨ ਸਿਹਤ ਮੰਤਰੀ ਪੰਜਾਬ ਦੇ ਨਿਵਾਸ ਸਥਾਨ ਤੇ 20 ਅਗਸਤ ਨੂੰ ਮਿਲਣ ਲਈ ਜਾਵੇਗਾ। ਇਸ ਮੌਕੇ ਅਮਨਦੀਪ ਕੌਰ, ਅਮਰਜੀਤ ਕੌਰ, ਕਰਮਜੀਤ ਕੌਰ, ਊਸ਼ਾ ਦੋਦਾ ਅਤੇ ਗੋਗੀ ਕੌਰ ਦੋਦਾ ਆਦਿ ਮੌਜੂਦ ਸਨ।