ਵਿਕਾਸ ਭਾਰਦਵਾਜ, ਮੰਡੀ ਬਰੀਵਾਲਾ : ਸਥਾਨਕ ਅਨਾਜ ਮੰਡੀ 'ਚ ਇਕ ਆੜ੍ਹਤੀਏ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖ਼ੁਦ ਨੂੰ ਗੋਲ਼ੀ ਮਾਰ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਨਿਰੰਜਨ ਕੁਮਾਰ ਉਰਫ਼ ਨੰਜੂ (50) ਪੁੱਤਰ ਓਮ ਪ੍ਰਕਾਸ਼ ਵਾਸੀ ਮੰਡੀ ਬਰੀਵਾਲਾ ਦੀ ਅਨਾਜ ਮੰਡੀ ਦੇ ਨੇੜੇ ਹੀ ਆੜ੍ਹਤ ਦੀ ਦੁਕਾਨ ਹੈ। ਉਹ ਸਵੇਰੇ ਆਪਣੀ ਆੜ੍ਹਤ ਦੀ ਦੁਕਾਨ 'ਤੇ ਆਇਆ ਤੇ ਦੁਕਾਨ ਅੰਦਰ ਬਣੇ ਕਮਰੇ 'ਚ ਬੈਠਾ ਸੀ ਕਿ ਕਰੀਬ 11 ਵਜੇ ਉਸ ਨੇ ਸਿਰ 'ਚ ਗੋਲ਼ੀ ਮਾਰ ਲਈ। ਘਟਨਾ ਦਾ ਪਤਾ ਲੱਗਦਿਆਂ ਨੇੜਲੇ ਲੋਕ ਉੱਥੇ ਪੁੱਜੇ ਜਿਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪੁੱਜੀ ਜਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਲਾਸ਼ ਕੋਲੋਂ ਰਿਵਾਲਵਰ ਤੇ ਖ਼ੁਦਕੁਸ਼ੀ ਨੋਟ ਬਰਾਮਦ ਹੋਇਆ ਹੈ ਜਿਸ 'ਚ ਉਕਤ ਆੜ੍ਹਤੀਏ ਨੇ ਪੈਸਿਆਂ ਦੇ ਲੈਣ-ਦੇਣ ਦੇ ਬਾਰੇ ਲਿਖਿਆ ਹੈ ਪਰ ਕਿਸੇ ਦਾ ਨਾਂ ਨਹੀਂ ਲਿਖਿਆ। ਨਿਰੰਜਣ ਕੁਮਾਰ ਦੇ ਪਰਿਵਾਰ ਵਿਚ ਦੋ ਬੇਟੇ ਅਤੇ ਇਕ ਬੇਟੀ ਹੈ। ਉਸ ਦਾ ਵੱਡਾ ਲੜਕਾ ਵਿਆਹਿਆ ਹੋਇਆ ਹੈ।