ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਡਰੱਗ ਵਿਭਾਗ ਦੀ ਟੀਮ ਨੇ ਵੀਰਵਾਰ ਨੂੰ ਕਾਰਵਾਈ ਕਰਦਿਆਂ ਸਥਾਨਕ ਮਲੋਟ-ਅਬੋਹਰ ਬਾਈਪਾਸ ’ਤੇ ਸਥਿਤ ਇਕ ਫਾਰਮਾ ਤੋਂ ਨਸ਼ੇ ਵਜੋਂ ਵਰਤੇ ਜਾਣ ਵਾਲੇ 20, 300 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਡਰੱਗ ਇੰਸਪੈਕਟਰ ਓਮਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਵੀਰਵਾਰ ਦੀ ਸਵੇਰ ਮਲੋਟ-ਅਬੋਹਰ ਰੋਡ ’ਤੇ ਸਥਿਤ ਇਕ ਫਾਰਮਾ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਉਕਤ ਕੈਪਸੂਲਾਂ ਸਬੰਧੀ ਫਰਮ ਵੱਲੋਂ ਸੇਲ-ਪ੍ਰਚੇਜ ਸਬੰਧੀ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਪਸੂਲਾਂ ਨੂੰ ਕਬਜ਼ੇ ’ਚ ਲੈ ਕੇ ਵੀਰਵਾਰ ਨੂੰ ਕੋਰਟ ’ਚ ਪੇਸ਼ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਨ੍ਹਾਂ ਕੈਪਸੂਲਾਂ ਦੀ ਕੀਮਤ 5, 72, 740 ਰੁਪਏ ਬਣਦੀ ਹੈ। ਡਰੱਗ ਇੰਸਪੈਕਟਰ ਓਮਕਾਰ ਸਿੰਘ ਨੇ ਦੱਸਿਆ ਕਿ ਆਉਂਦੇ ਦਿਨਾਂ ’ਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਅਣਮਿਆਰੀ ਦਵਾਈਆਂ ਨਹੀਂ ਵੇਚਣ ਦਿੱਤੀਆਂ ਜਾਣਗੀਆਂ। ਉਨ੍ਹਾਂ ਕੈਮਿਸਟਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਦਾ ਸਾਥ ਦੇਣ ਤਾਂ ਜੋ ਨਸ਼ੇ ਦਾ ਮੁਕੰਮਲ ਖਾਤਮਾ ਕੀਤਾ ਜਾ ਸਕੇ।

Posted By: Jagjit Singh