ਭੰਵਰਾ, ਗਿੱਲ, ਸ੍ਰੀ ਮੁਕਤਸਰ ਸਾਹਿਬ : ਨਵੀਂ ਦਾਣਾ ਮੰਡੀ ਨੇੜੇ ਰੰਗਬੁਲਾ ਕੰਡਾ ਝੁੱਗੀਆਂ ਝੌਂਪੜੀਆਂ 'ਚ ਰਹਿਣ ਵਾਲੀ ਇੱਕ ਔਰਤ ਦਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਹਿਲਾ ਦੇ ਬੇਟੇ, ਰਿਸ਼ਤੇਦਾਰਾਂ ਤੇ ਆਂਢੀਆਂ-ਗੁਆਂਢੀਆਂ ਅਨੁਸਾਰ ਔਰਤ ਨੂੰ ਉਸ ਦੇ ਪਤੀ ਨੇ ਹੀ ਸਾਫੇ ਨਾਲ ਗਲਾ ਘੁੱਟ ਕੇ ਮਾਰ ਦਿੱਤਾ ਹੈ ਤੇ ਹੱਤਿਆ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ ਹੈ। ਮ੍ਰਿਤਕ ਔਰਤ ਦੀ ਪਛਾਣ ਪੂਨਮ ਦੇਵੀ (35) ਵਜੋਂ ਹੋਈ। ਮੌਕੇ 'ਤੇ ਮੌਜੂਦ ਮ੍ਰਿਤਕ ਮਹਿਲਾ ਦੇ ਰਿਸ਼ਤੇਦਾਰ ਦਿਆਨੰਦ ਬਿੰਦ ਤੇ ਬੱਚੇ ਨੇ ਦੱਸਿਆ ਕਿ ਅੱਜ ਤੜਕੇ ਜਦੋਂ ਬੱਚਾ ਬਾਥਰੂਮ ਵਾਸਤੇ ਉਠਿਆ ਤਾਂ ਦੇਖਿਆ ਕਿ ਉਸ ਦੀ ਮਾਂ ਦੇ ਗੱਲ 'ਚ ਫਾਹਾ ਲੱਗਿਆ ਪਿਆ ਹੈ ਤੇ ਉਹ ਮਰੀ ਪਈ ਸੀ। ਉਸ ਦਾ ਪਤੀ ਵੀ ਪੈਸੇ ਤੇ ਹੋਰ ਸਮਾਨ ਲੈ ਕੇ ਫਰਾਰ ਸੀ। ਉਸ ਨੇ ਦੱਸਿਆ ਕਿ ਮ੍ਰਿਤਕ ਦੇ ਪਤੀ ਦੇ ਆਪਣੀ ਭਾਭੀ ਨਾਲ ਕਥਿਤ ਤੌਰ 'ਤੇ ਨਜਾਇਜ਼ ਸਬੰਧ ਸਨ ਤੇ ਹਰ ਵੇਲੇ ਪਤਨੀ ਨਾਲ ਇਸੇ ਗੱਲ ਨੂੰ ਲੈ ਕੇ ਝਗੜਾ ਵੀ ਹੁੰਦਾ ਰਹਿੰਦਾ ਸੀ। ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਔਰਤ ਦੀ ਲਾਸ਼ ਨੂੰ ਪੋਸਟਮਾਰਟ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। ਮੌਕੇ 'ਤੇ ਮੌਜੂਦ ਤਫਤੀਸ਼ੀ ਪੁਲਿਸ ਅਧਿਕਾਰੀ ਜਗਸੀਰ ਸਿੰਘ, ਥਾਣਾ ਸਿਟੀ ਪ੍ਰਭਾਰੀ ਮਲਕੀਤ ਸਿੰਘ ਸਣੇ ਟੀਮ ਵੀ ਪਹੁੰਚ ਚੁਕੇ ਸਨ।
Posted By: Sarabjeet Kaur