ਪੰਜਾਬੀ ਜਾਗਰਣ ਟੀਮ, ਮੁਕਤਸਰ : 40 ਮੁਕਤਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲਾ ਮਾਘੀ 'ਤੇ ਵੱਡੀ ਗਿਣਤੀ 'ਚ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਪੁੱਜ ਕੇ ਹਾਜ਼ਰੀਆਂ ਭਰੀਆਂ। ਇਸ ਮੌਕੇ ਸ੍ਰੀ ਦਰਬਾਰ ਸਾਹਿਬ 'ਚ ਰਾਗੀ ਜਥਿਆਂ ਨੇ ਸੰਗਤ ਨੂੰ ਸ਼ਬਦ ਕੀਰਤਨ ਰਾਹੀਂ ਨਿਹਾਲ ਕੀਤਾ। ਓਧਰ ਮਲੋਟ ਰੋਡ ਤੇ ਮਨੋਰੰਜਨ ਮੇਲੇ ਦਾ ਲੋਕਾਂ ਨੇ ਖੂਬ ਅਨੰਦ ਮਾਣਿਆ।


ਜ਼ਿਕਰਯੋਗ ਹੈ ਕਿ ਕੋਰੋਨਾ ਦੇ ਚਲਦਿਆਂ ਵੀ ਵੱਡੀ ਗਿਣਤੀ 'ਚ ਸੰਗਤ ਸ੍ਰੀ ਮੁਕਤਸਰ ਸਾਹਿਬ ਪੁੱਜੀਆਂ ਪਰ ਇਸ ਵਾਰ ਕੋਈ ਸਿਆਸੀ ਕਾਨਫਰੰਸ ਨਹੀਂ ਹੋ ਰਹੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਵਿਖੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਅਰਦਾਸ ਸਮਾਗਮ ਪਹਿਲਾਂ ਹੀ ਕਰ ਲਿਆ ਗਿਆ ਹੈ। ਕਾਂਗਰਸ ਵੱਲੋਂ ਪਹਿਲਾਂ ਤੋਂ ਹੀ ਮੇਲਾ ਮਾਘੀ ਮੌਕੇ ਕਾਨਫਰੰਸ ਕਰਨੀ ਬੰਦ ਕੀਤੀ ਹੋਈ ਹੈ। ਓਧਰ ਸ਼੍ਰੋਮਣੀ ਅਕਾਲੀ ਦਲ ਮਾਨ ਵੀ ਇਸ ਵਾਰ ਕਾਨਫਰੰਸ ਨਹੀਂ ਕਰ ਰਿਹਾ ਤੇ ਆਮ ਆਦਮੀ ਪਾਰਟੀ ਵਲੋਂ ਵੀ ਕੋਈ ਸਿਆਸੀ ਇਕੱਠ ਨਹੀਂ ਕੀਤਾ ਜਾ ਰਿਹਾ।

ਸਾਂਝਾ ਕਿਸਾਨ ਸੰਗਰਸ਼ ਮੋਰਚਾ ਵਲੋਂ ਮੇਲਾ ਮਾਘੀ ਤੇ ਕਾਨਫਰੰਸ ਕੀਤੀ ਜਾ ਰਹੀ ਹੈ ਜਿਸਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਕੀਤੀ ਜਾ ਰਹੀ ਹੈ ਇਸ ਚ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਜਗਜੀਤ ਸਿੰਘ ਡੱਲੇਵਾਲ ਪੁੱਜ ਰਹੇ ਹਨ।

ਕਿਸਾਨ ਯੂਨੀਅਨ ਨੇ ਕੀਤਾ ਭਾਰੀ ਇਕੱਠ

ਮੇਲਾ ਮਾਘੀ ਮੁਕਤਸਰ ਵਿਖੇਕੋਈ ਵੀ ਸਿਆਸੀ ਪਾਰਟੀ ਨੇ ਕੋਈ ਸਿਆਸੀ ਕਾਨਫਰੰਸ ਨਹੀ ਕੀਤੀ ਗਈ ਪਰ ਕਿਸਾਨ ਸ਼ੰਘਰਸ਼ ਤੇ ਚਲਦਿਆਂ ਸਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਵਿਚ ਲੋਕਾਂ ਨੂੰ ਜਾਗਰੂਕ ਕਰਨ ਅਤੇ ਕਿਸਾਨੀ ਸੰਘਰਸ਼ ਲਈ ਲਾਮਬੰਦ ਕਰਨ ਲਈ ਮਲੋਟ ਰੋਡ ਤੇ ਸ਼ੋਮਣੀ ਅਕਾਲੀ ਦਲ ਦੀ ਕਾਨਫਰੰਸ ਵਾਲੀ ਜਗ੍ਹਾ ਤੇ ਕਾਨਫਰੰਸ ਕੀਤੀ ਇਸ ਕਾਨਫਰੰਸ ਵਿੱਚ ਸੂਬਾ ਆਗੂ ਜਗਜੀਤ ਸਿੰਘ ਡੱਲੇਵਾਲਾ ਵਿਸ਼ੇਸ਼ ਤੌਰ ਪੁੱਜੇ ਸਨ।

ਇਸ ਮੌਕੇ ਵੱਡੀ ਗਿਣਤੀ 'ਚ ਕਿਸਾਨ ਆਪਣੇ ਹੱਥਾਂ 'ਚ ਕਿਸਾਨੀ ਸੰਗਰਸ਼ ਦੇ ਝੰਡੇ ਫੜ੍ਹ ਕੇ ਪੁੱਜ ਰਹੇ ਹਨ। ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਵਿਖੇ ਕਿਸਾਨੀ ਅੰਦੋਲਨ ਦੇ ਚਲਦਿਆਂ ਇਸ ਵਾਰ ਪਹਿਲੀ ਵਾਰੀ ਕਿਸਾਨਾਂ ਵਲੋਂ ਮੇਲਾ ਮਾਘੀ ਤੇ ਕਾਨਫਰੰਸ ਕਰਕੇ ਭਾਰੀ ਇੱਕਠ ਕੀਤਾ ਗਿਆ ਹੈ।

Posted By: Tejinder Thind