ਭੰਵਰਾ/ਗਿੱਲ, ਸ੍ਰੀ ਮੁਕਤਸਰ ਸਾਹਿਬ : ਪੇ੍ਮ ਸਬੰਧਾਂ ਕਾਰਨ ਇੱਕ ਲੜਕੀ ਨੇ ਆਪਣੇ ਪੇ੍ਮੀਆਂ ਨਾਲ ਸ਼ਾਜਿਸ਼ ਰਚ ਕੇ ਆਪਣੇ ਹੀ ਸਕੇ ਭਰਾ ਨੂੰ ਕਤਲ ਕਰਵਾ ਦਿੱਤਾ। ਇਸ ਅੰਨ੍ਹੇ ਕਤਲ ਦੇ ਮਾਮਲੇ ਨੂੰ ਪੁਲਿਸ ਨੇ 10 ਘੰਟਿਆਂ 'ਚ ਹੱਲ ਕਰਦਿਆਂ ਇਕ ਮੁਲਜ਼ਮ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।

ਜਾਣਕਾਰੀ ਅਨੁਸਾਰ ਸੁਖਜਿੰਦਰ ਕੌਰ ਪਤਨੀ ਸਵ. ਇਕਬਾਲ ਸਿੰਘ ਵਾਸੀ ਗੋਨੇਆਣਾ ਰੋਡ, ਸ੍ਰੀ ਮੁਕਤਸਰ ਸਾਹਿਬ ਹਾਲ ਆਬਾਦ ਪਿੰਡ ਜੱਸੇਆਣਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ 2 ਬੱਚੇ ਵੱਡਾ ਲੜਕਾ ਸੰਦੀਪ ਸਿੰਘ ਤੇ ਛੋਟੀ ਲੜਕੀ ਸੁਮਨਦੀਪ ਕੌਰ ਹਨ ਅਤੇ ਦੋਵੋਂ ਵਿਆਹੇ ਹੋਏ ਹਨ, ਸਹੁਰੇ ਪਰਿਵਾਰ ਨਾਲ ਅਣਬਣ ਹੋਣ ਕਾਰਨ ਲੜਕੀ ਪਿਛਲੇ 2 ਸਾਲਾਂ ਤੋਂ ਸਾਡੇ ਕੋਲ ਹੀ ਰਹਿ ਰਹੀ ਹੈ। ਬੀਤੀ ਰਾਤ ਤਕਰੀਬਨ 8 ਵਜੇ ਲੜਕਾ ਸੰਦੀਪ ਸਿੰਘ ਕਰਿਆਨੇ ਦਾ ਸਾਮਾਨ ਲੈਣ ਵਾਸਤੇ ਗਿਆ ਸੀ ਪਰ ਵਾਪਸ ਨਹੀਂ ਆਇਆ। ਉਹ ਆਪਣੀ ਨੂੰਹ ਨਾਲ ਸਾਰੀ ਰਾਤ ਉਸ ਨੂੰ ਲੱਭਦੀ ਰਹੀ ਪਰ ਕੁਝ ਵੀ ਪਤਾ ਨਹੀ ਚੱਲਿਆ।

ਸਵੇਰੇ ਪਤਾ ਲੱਗਾ ਕਿ ਪਿੰਡ ਦੇ ਮਾਈਨਰ ਦੀ ਝਾਲ ਵਾਲੇ ਪਾਸੇ ਖੇਤਾਂ 'ਚ ਅਣਪਛਾਤੀ ਲਾਸ਼ ਪਈ ਹੈ, ਉਨ੍ਹਾਂ ਨੇ ਮੌਕੇ 'ਤੇ ਜਾ ਕੇ ਦੇਖਿਆ ਕਿ ਇਹ ਲਾਸ਼ ਸੰਦੀਪ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਡੀ. ਸੁਡਰਵਿਲੀ ਨੇ ਦੱਸਿਆ ਕਿ ਇਸ ਮਾਮਲੇ 'ਚ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਨੇ ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤਾ। ਡੀਐੱਸਪੀ ਹਰਵਿੰਦਰ ਸਿੰਘ ਚੀਮਾ ਨੇ ਮਾਮਲੇ ਦੀ ਛਾਣਬੀਨ ਕਰਦਿਆਂ ਤੇ ਟੈਕਨੀਕਲ ਵਿੰਗ ਦੀ ਸਹਾਇਤਾ ਨਾਲ ਇਸ ਮੁਕੱਦਮੇ ਨੂੰ ਟਰੇਸ ਕਰ ਲਿਆ ਅਤੇ ਪੁਲਿਸ ਨੇ ਮਿ੍ਤਕ ਦੀ ਭੈਣ ਸੁਮਨਦੀਪ ਕੌਰ, ਗਗਨਦੀਪ ਸਿੰਘ ਗਗਨਾ ਵਾਸੀ ਜੱਸੇਆਣਾ ਤੇ ਅੰਕੁਸ਼ ਕੁਮਾਰ ਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ ਇਸ ਮਾਮਲੇ 'ਚ ਨਾਮਜ਼ਦ ਕਰ ਕੇ ਗਗਨੇ ਨੂੰ ਕਾਬੂ ਕੀਤਾ ਹੈ।

ਉਨ੍ਹਾਂ ਦੱਸਿਆਂ ਕਿ ਸੁਮਨਦੀਪ ਦੇ ਗਗਨਦੀਪ ਗਗਨਾ ਤੇ ਅੰਕੁਸ਼ ਕੁਮਾਰ ਨਾਲ ਕਥਿਤ ਪੇ੍ਮ ਸਬੰਧ ਸਨ। ਇਸ ਗੱਲ ਤੋਂ ਸੰਦੀਪ ਆਪਣੀ ਭੈਣ ਨੂੰ ਵਰਜਦਾ ਰਹਿੰਦਾ ਸੀ ਜਿਸ 'ਤੇ ਉਕਤ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਕਾਬੂੂ ਕਰ ਲਿਆ ਜਾਵੇਗਾ। ਪੁਲਿਸ ਵੱਲੋਂ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ।