ਜਗਸੀਰ, ਗਿੱਦੜਬਾਹਾ : ਗਿੱਦੜਬਾਹਾ ਨੇੜਲੇ ਪਿੰਡ ਹੁਸਨਰ ਵਿਖੇ ਅੱਜ ਆਈ ਤੇਜ਼ ਹਨ੍ਹੇਰੀ ਕਾਰਨ ਬਿਜਲੀ ਦੀਆਂ ਤਾਰਾਂ ਤੋਂ ਹੋਈ ਸਪਾਰਕਿੰਗ ਦੇ ਚੱਲਦਿਆਂ ਲੱਗੀ ਅੱਗ 'ਚ ਵੱਖ-ਵੱਖ ਕਿਸਾਨਾਂ ਦੀ ਕਰੀਬ 9 ਏਕੜ ਖੜ੍ਹੀ ਕਣਕ ਸੜ ਕੇ ਸੁਆਹ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਇਲਾਕੇ ਅੰਦਰ ਆਈ ਤੇਜ਼ ਹਨ੍ਹੇਰੀ ਕਾਰਨ ਖੇਤਾਂ 'ਚੋਂ ਲੰਘਦੀਆਂ ਤਾਰਾਂ 'ਚ ਅਚਾਨਕ ਹੋਈ ਸਪਾਰਕਿੰਗ ਨਾਲ ਪਿੰਡ ਹੁਸਨਰ ਦੇ ਜਸਵਿੰਦਰ ਸਿੰਘ ਪੁੱਤਰ ਸ਼ੇਰ ਸਿੰਘ ਦੀ 5 ਕਿੱਲੇ, ਰਮਨਪ੍ਰੀਤ ਕੌਰ ਪਤਨੀ ਤਰਸੇਮ ਸਿੰਘ ਦੀ 2 ਕਿੱਲੇ ਤੇ ਜਸਕਰਨ ਸਿੰਘ ਪੁੱਤਰ ਰੂਪ ਸਿੰਘ ਦੀ 2 ਕਿੱਲੇ ਖੜ੍ਹੀ ਕਣਕ ਸੜ ਕੇ ਸੁਆਹ ਹੋ ਗਈ।


ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਸਥਾਨਕ ਫਾਇਰ ਬ੍ਰਿਗੇਡ ਤੋਂ ਦੋ ਗੱਡੀਆਂ ਜਿਸ 'ਚ ਫਾਇਰ ਅਫਸਰ ਹਰਜੀਤ ਸਿੰਘ, ਕਮਲਜੀਤ ਸਿੰਘ ਢਿੱਲੋਂ, ਨੋਬਲ ਸਿੰਘ, ਗੁਰਪਿੰਦਰ ਸਿੰਘ, ਗੁਰਮੁਖ ਸਿੰਘ, ਜਸਪ੍ਰੀਤ ਸਿੰਘ ਅਤੇ ਕੁਲਵੰਤ ਸਿੰਘ ਸ਼ਾਮਲ ਸਨ ਨੇ ਕਰੀਬ ਇਕ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਦੀ ਮੁਸਤੈਦੀ ਦੇ ਚੱਲਦਿਆਂ ਜਿੱਥੇ ਆਸ-ਪਾਸ ਦੇ ਹੋਰਨਾਂ ਖੇਤਾਂ 'ਚ ਅੱਗ ਵਧਨੋਂ ਰੁਕ ਗਈ, ਉੱਥੇ ਹੀ ਨਜ਼ਦੀਕ ਲੱਗੇ ਸ਼ੈਲਰ ਵੀ ਅੱਗ ਦੀ ਲਪੇਟ 'ਚ ਆਉਣੋਂ ਬਚ ਗਏ।

Posted By: Sarabjeet Kaur