ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਅੰਤਰਰਾਸ਼ਟਰੀ ਪੱਧਰ 'ਤੇ ਸਾਈਕਲਿੰਗ ਮੁਕਾਬਲੇ ਕਰਵਾ ਰਹੀ ਸੰਸਥਾ ਵੱਲੋਂ ਬੀਤੇ ਕੱਲ 300 ਕਿਲੋਮੀਟਰ ਸਾਈਕਲ ਰੇਸ ਕਰਵਾਈ ਗਈ ਸੀ। ਇਸ ਰੇਸ 'ਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਇਲਾਵਾ ਭਾਰਤੀ ਫੌਜ ਦੇ ਅਫਸਰਾਂ ਨੇ ਵੀ ਭਾਗ ਲਿਆ ਸੀ। ਇਹ ਰੇਸ ਬਿਠੰਡਾ ਤੋਂ ਸ਼ੁਰੂ ਹੋ ਕੇ ਫਰੀਦਕੋਟ, ਜੀਰਾ, ਮਖੂ ਹੁੰਦੀ ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਅਹਿਮ ਧਾਰਮਿਕ ਸਥਾਨ ਸੁਲਤਾਨਪੁਰ ਲੋਧੀ ਤੋਂ ਵਾਪਿਸ ਇਸੇ ਰਸਤੇ ਬਿਠੰਡਾ ਆ ਕੇ ਖਤਮ ਹੋਈ ਸੀ। ਇਸ ਲੰਬੇ ਮੁਕਾਬਲੇ ਦੀ ਸਾਈਕਲ ਰੇਸ 'ਚ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ਜਗਸੀਰ ਸਿੰਘ ਐੱਸਆਈ ਪੰਜਾਬ ਪੁਲਿਸ ਤੇ ਜਗਜੀਤ ਸਿੰਘ ਮਾਨ ਡਿਪਟੀ ਡਾਇਰੈਕਟਰ ਨਹਿਰੂ ਯੁਵਾ ਕੇਂਦਰ (ਭਾਰਤ ਸਰਕਾਰ) ਨੇ ਭਾਗ ਲੈ ਕੇ ਅਤੇ ਤਹਿ ਸ਼ੁਦਾ ਸਮੇਂ ਤੋਂ ਕਾਫ ਸਮਾਂ ਪਹਿਲਾਂ ਸਫਲਤਾ ਪੂਰਵਕ ਇਹ ਰੇਸ ਮੁਕੰਮਲ ਕਰਕੇ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਤੇ ਆਪਣੇ-ਆਪਣੇ ਵਿਭਾਗ ਦਾ ਨਾਂ ਰੌਸ਼ਨ ਕੀਤਾ। ਜਗਸੀਰ ਸਿੰਘ ਤੇ ਜਗਜੀਤ ਸਿੰਘ ਕਰਮਵਾਰ 54 ਤੇ 58 ਸਾਲ ਦੀ ਉਮਰ ਦੇ ਪੜਾਅ 'ਚੋਂ ਗੁਜਰ ਰਹੇ ਹਨ। ਪ੍ਰਬੰਧਕਾਂ ਵੱਲੋਂ ਹਰੇਕ ਭਾਗੀਦਾਰ ਨੂੰ ਇਸ 300 ਕਿਲੋਮੀਟਰ ਨੂੰ ਪੂਰੀ ਕਰਨ ਲਈ 20/20 ਘੰਟੇ ਦਾ ਸਮਾਂ ਦਿੱਤਾ ਗਿਆ ਸੀ ਪਰ ਇਹ 300 ਕਿਲੋਮੀਟਰ ਦਾ ਸਫਰ ਜਗਸੀਰ ਸਿੰਘ ਵੱਲੋਂ 14 ਘੰਟੇ 52 ਮਿੰਟ ਤੇ ਜਗਜੀਤ ਮਾਨ ਵੱਲੋਂ 15 ਘੰਟੇ 39 ਮਿੰਟ 'ਚ ਪੂਰਾ ਕਰਕੇ ਆਪਣੀ ਸਰੀਰਕ ਸਮਰੱਥਾ ਦਾ ਵਿਖਾਵਾ ਕਰ ਵਿਖਾਇਆ। ਜ਼ਿਕਰਯੋਗ ਹੈ ਕਿ ਇਹ ਦੋਨੋਂ ਨੌਜਵਾਨ ਪੈਰਾ ਗਲਾਈਡਿੰਗ ਤੋਂ ਇਲਾਵਾ ਦੁਨੀਆਂ ਦੀ ਉੱਚੀਆਂ ਸਥਾਨਾ ਤੇ ਮੋਟਰਸਾਈਕਲ ਚਲਾ ਕੇ ਆਉਣ ਤੇ ਹੋਰ ਕਈ ਸਮਾਜ ਸੇਵੀ ਕੰਮਾਂ ਨਾਲ ਆਪਣਾ ਯੋਗਦਾਨ ਪਾ ਰਹੇ ਹਨ। ਇਨ੍ਹਾਂ ਦੀ ਇਸ ਪ੍ਰਾਪਤੀ ਤੇ ਮੁਕਤਸਰ ਸਾਈਕਲ ਰਾਈਡਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।