ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ: ਪਿੰਡ ਡੋਹਕ ਵਿਖੇ ਟਰੈਕਟਰ ਹੇਠਾਂ ਆਉਣ ਕਾਰਨ ਇਕ 12 ਸਾਲਾ ਬੱਚੇ ਦੀ ਮੌਤ ਹੋ ਗਈ। ਇਕੱਤਰ ਜਾਣਕਾਰੀ ਅਨੁਸਾਰ ਪ੍ਰਭਨੂਰ ਸਿੰਘ ਸੰਧੂ (12) ਪੁੱਤਰ ਰੁਪਿੰਦਰ ਸਿੰਘ ਬੀਤੇ ਸ਼ੁੱਕਰਵਾਰ ਨੂੰ ਆਪਣੇ ਪਿਤਾ ਅਤੇ ਦਾਦੇ ਨਾਲ ਜ਼ਮੀਨ ਵਾਹੁਣ ਲਈ ਟਰੈਕਟਰ ਦੇ ਸੌਂਕ ਨਾਲ ਹੀ ਖੇਤ ਚਲਾ ਗਿਆ।

ਪ੍ਰਭਨੂਰ ਦਾ ਦਾਦਾ ਟਰੈਕਟਰ ਚਲਾ ਰਿਹਾ ਸੀ ਤੇ ਉਹ ਟਰੈਕਟਰ ਦੇ ਮਰਗਾਟ 'ਤੇ ਬੈਠਾ ਸੀ। ਇਸ ਦੌਰਾਨ ਬੈਠਿਆਂ ਹੀ ਅਚਾਨਕ ਉਹ ਚੱਲਦੇ ਟਰੈਕਟਰ ਤੋਂ ਹੇਠਾਂ ਡਿੱਗ ਗਿਆ ਤੇ ਟਰੈਕਟਰ ਦੇ ਟਾਇਰ ਹੇਠ ਆ ਗਿਆ ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ।

ਜ਼ਖ਼ਮੀ ਹਾਲਤ 'ਚ ਬੱਚੇ ਦੇ ਪਿਤਾ ਰੁਪਿੰਦਰ ਸਿੰਘ ਅਤੇ ਦਾਦੇ ਵੱਲੋਂ ਉਸਨੂੰ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਹਸਪਤਾਲ 'ਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਹਾਲਤ ਗੰਭੀਰ ਦੇਖਦਿਆਂ ਬੱਚੇ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਜਿੱਥੇ ਉਸਦੀ ਮੌਤ ਹੋ ਗਈ। ਮ੍ਰਿਤਕ ਬੱਚਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਦੁੱਖ ਨਾਲ ਜਿੱਥੇ ਪੂਰੇ ਪਰਿਵਾਰ ਦਾ ਬੁਰਾ ਹਾਲ ਹੈ ਉੱਥੇ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

Posted By: Jagjit Singh