ਸਟਾਫ਼ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਪਿੰਡ ਬਰਕੰਦੀ ਤੋਂ ਸੰਗਤ ਲੈ ਕੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾ ਰਹੀ ਟਰੈਕਟਰ-ਟਰਾਲੀ ਨੂੰ ਬੀਤੇ ਕੱਲ੍ਹ ਤਰਨਤਾਰਨ ਨੇੜੇ ਸਰਕਾਰੀ ਬੱਸ ਨੇ ਕਥਿਤ ਤੌਰ 'ਤੇ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਟਰਾਲੀ 'ਚ ਸਵਾਰ 16 ਸਾਲਾ ਨੌਜਵਾਨ ਦੀ ਮੌਤ ਹੋ ਗਈ ਜਦਕਿ 25 ਲੋਕ ਜ਼ਖ਼ਮੀ ਹੋ ਗਏ।

ਜ਼ਖ਼ਮੀਆਂ ਨੂੰ ਪਹਿਲਾਂ ਤਰਨਤਾਰਨ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਦਕਿ ਬਾਅਦ 'ਚ ਸ੍ਰੀ ਮੁਕਤਸਰ ਸਾਹਿਬ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾ ਦਿੱਤਾ। ਜ਼ਖ਼ਮੀਆਂ 'ਚੋਂ ਇਕ ਦੀ ਹਾਲਤ ਗੰਭੀਰ ਦੇਖਦਿਆਂ ਉਸਨੂੰ ਫਰੀਦਕੋਟ ਰੈਫਰ ਕੀਤਾ ਗਿਆ ਹੈ।

ਪਿੰਡ ਬਰਕੰਦੀ ਦਾ ਰਣਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਹਰ ਸਾਲ ਬਾਬਾ ਬੁੱਢਾ ਸਾਹਿਬ ਮੱਥਾ ਟੇਕਣ ਲਈ ਸੰਗਤ ਨੂੰ ਆਪਣੇ ਟਰੈਕਟਰ-ਟਰਾਲੇ 'ਤੇ ਲੈ ਕੇ ਜਾਂਦਾ ਹੈ। 6 ਅਕਤੂਬਰ ਦੁਪਹਿਰ ਨੂੰ ਉਹ ਸੰਗਤ ਵਿਚ 30 ਲੋਕ ਜਿਨ੍ਹਾਂ ਵਿਚ ਔਰਤਾਂ,ਬੱਚੇ ਅਤੇ ਆਦਮੀ ਸ਼ਾਮਲ ਸਨ, ਨੂੰ ਲੈ ਕੇ ਪਿੰਡੋਂ ਰਵਾਨਾ ਹੋਇਆ। ਵਾਪਸੀ 'ਤੇ ਰਾਤ ਦੇ ਕਰੀਬ ਡੇਢ ਵਜੇ ਸਰਹਾਲੀ (ਤਾਰਨਤਾਰਨ) ਦੇ ਕੋਲ ਪਹੁੰਚਿਆ ਤਾਂ ਪਿੱਛੋਂ ਤੇਜ਼ ਰਫ਼ਤਾਰ ਪੀਆਰਟੀਸੀ ਦੀ ਬੱਸ ਨੇ ਟੱਕਰ ਮਾਰ ਦਿੱਤੀ।

ਟੱਕਰ ਐਨੀ ਭਿਆਨਕ ਸੀ ਕਿ ਟਰਾਲੇ 'ਚ ਬੈਠੇ ਲੋਕ ਉੱਛਲ-ਉੱਛਲ ਕੇ ਥੱਲੇ ਡਿੱਗ ਪਏ ਅਤੇ ਟਰਾਲਾ ਪਲਟ ਗਿਆ। ਇਸ ਹਾਦਸੇ 'ਚ 16 ਸਾਲਾ ਪਿੰਡ ਬਰਕੰਦੀ ਦੇ ਲਵਪ੍ਰਰੀਤ ਸਿੰਘ ਪੁੱਤਰ ਸੁਖਚੈਨ ਸਿੰਘ ਦੀ ਮੌਤ ਹੋ ਗਈ। ਮਿ੍ਤਕ ਲਵਪ੍ਰੀਤ ਸਿੰਘ ਦੇ ਪਿਤਾ ਸੁਖਚੈਨ ਸਿੰਘ ਨੇ ਦੱਸਿਆ ਕਿ ਉਸਦੇ ਦੋ ਬੇਟੇ ਹਨ ਜਿਨ੍ਹਾਂ 'ਚੋਂ ਲਵਪ੍ਰੀਤ ਸਿੰਘ ਵੱਡਾ ਬੇਟਾ ਸੀ ਅਤੇ ਦੂਜਾ ਅੰਗਹੀਣ ਹੈ। ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ।