ਜੇ ਐੱਸ ਕਲੇਰ, ਜ਼ੀਰਕਪੁਰ : ਸਬ ਤਹਿਸੀਲ ਜ਼ੀਰਕਪੁਰ ਵਿਖੇ ਰਜਿਸਟਰੀਆਂ ਵਿੱਚ ਹੋ ਰਹੀਆਂ ਬੇਨਿਯਮੀਆਂ ਕਾਰਨ ਵਧੀਕ ਮੁੱਖ ਸਕੱਤਰ ਕੰਮ ਵਿੱਤੀ ਕਮਿਸ਼ਨਰ ਮਾਲ ਅਨੁਰਾਗ ਅਗਰਵਾਲ ਵੱਲੋਂ ਜਾਰੀ ਪੱਤਰ ਵਿੱਚ ਪੰਜਾਬ ਸਿਵਲ ਸਰਵਿਸਿਸ ਰੂਲ 1970 ਨਿਯਮ 4 ਅਧੀਨ ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 10 ਅਗਸਤ 2021 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬੇ 'ਚ ਅਣ-ਅਧਿਕਾਰਤ ਕਾਲੋਨੀਆਂ ਦੀਆਂ ਰਜਿਸਟਰੀਆਂ 'ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਨਗਰ ਕੌਂਸਲ ਜ਼ੀਰਕਪੁਰ ਦੇ ਸਾਬਕਾ ਕਾਰਜਸਾਧਕ ਅਫ਼ਸਰ ਸੰਦੀਪ ਤਿਵਾੜੀ ਵੱਲੋਂ ਜ਼ੀਰਕਪੁਰ ਸਬ ਤਹਿਸੀਲ ਦੇ ਨਾਇਬ ਤਹਿਸੀਲਦਾਰ ਨੂੰ 22 ਜੂਨ 2021 ਨੂੰ ਜਾਰੀ ਪੱਤਰ 'ਚ ਵੱਖ-ਵੱਖ ਪਿੰਡਾਂ ਦੀਆਂ ਕਰੀਬ 23 ਕਾਲੋਨੀਆਂ/ਪੋ੍ਜੈਕਟ ਨਾਇਬ ਤਹਿਸੀਲਦਾਰ ਦਫਤਰ ਨੂੰ ਵਸੀਕੇ ਰਜਿਸਟਰ ਕਰਨ ਤੋਂ ਰੋਕਣ ਸਬੰਧੀ ਹਦਾਇਤ ਕੀਤੀ ਗਈ ਸੀ। ਇਸ ਮੁਅੱਤਲੀ ਦਾ ਕਰਾਨ ਵੀ ਇਸ ਨੂੰ ਹੀ ਮੰਨਿਆ ਜਾ ਰਿਹਾ ਹੈ। ਇਨ੍ਹਾਂ 23 ਪ੍ਰੋਜੈਕਟਾਂ ਨੂੰ ਡਿਫ਼ਾਲਟਰ ਕਰਾਰ ਦਿੰਦੇ ਹੋਏ ਰਜਿਸਟਰੀਆਂ ਤੇ ਰੋਕ ਲਗਾਈ ਗਈ ਸੀ ਅਤੇ ਅਰਜ਼ੀ ਨਵੀਸਾਂ ਨੂੰ ਵੀ ਇਨ੍ਹਾਂ ਅਣ-ਅਧਿਕਾਰਤ ਕਾਲੋਨੀਆਂ ਦੀਆਂ ਰਜਿਸਟਰੀਆਂ ਲਿਖਣ ਤੋਂ ਵਰਜ ਦਿੱਤਾ ਗਿਆ ਸੀ। ਉੱਥੇ ਹੀ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਸਖਤੀ ਨਾਲ ਨਿਪਟਣ ਦੀਆਂ ਚਰਚਾਵਾਂ ਵੀ ਜੋਰਾ ਤੇ ਹਨ। ਸੋਸ਼ਲ ਮੀਡੀਆ ਨੇ ਪਟਵਾਰੀ ਦੀਦਾਰ ਸਿੰਘ ਨੂੰ ਭ੍ਰਿਸ਼ਟਾਚਾਰ ਕੇਸ ਵਿੱਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਵਲੋਂ ਜ਼ੀਰਕਪੁਰ ਦੇ ਨਾਇਬ ਤਹਿਸੀਲਦਾਰ ਨੂੰ ਮੁਅੱਤਲ ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਹਨ।

Posted By: Jagjit Singh