ਜੋਤੀ ਸਿੰਗਲਾ, ਐੱਸਏਐੱਸ ਨਗਰ : ਅੱਜ ਮੋਹਾਲੀ ਤੋਂ ਆਜ਼ਾਦ ਤੌਰ 'ਤੇ ਮਿਉਂਸਪਲ ਕਾਰਪੋਰੇਸ਼ਨ ਦੀ ਚੋਣ ਲੜ ਚੁੱਕੇ ਸਿਮਰਜੀਤ ਸਿੰਘ ਢਿੱਲੋਂ (Simarjit Singh Dhillon) ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਦੀ ਹਾਜ਼ਰੀ 'ਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ। ਪੰਜਾਬ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਪੱਬਾਂ ਭਾਰ ਹੋਈ ਦਿਖਾਈ ਦੇ ਰਹੀ ਹੈ ਅਤੇ ਹਰੇਕ ਪਾਰਟੀ ਵੱਲੋਂ ਆਪਣਿਆਂ ਨੂੰ ਪਾਰਟੀ 'ਚ ਸ਼ਾਮਲ ਕਰਨ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਫੇਜ਼-10 ਵਿਚ ਭਰਵੀਂ ਮੀਟਿੰਗ ਕੀਤੀ ਗਈ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਮੋਹਾਲੀ ਤੋਂ ਮਿਊਂਸਪਲ ਕਾਰਪੋਰੇਸ਼ਨ ਦੀ ਚੋਣ ਲੜ ਚੁੱਕੇ ਸਿਮਰਜੀਤ ਸਿੰਘ ਢਿੱਲੋਂ ਨੂੰ ਰਸਮੀ ਤੌਰ 'ਤੇ ਪਾਰਟੀ 'ਚ ਸ਼ਾਮਿਲ ਕੀਤਾ ਗਿਆ। ਜਿੱਥੇ ਪਾਰਟੀ ਵਿਚ ਸ਼ਾਮਲ ਹੋਏ ਸਿਮਰਜੀਤ ਸਿੰਘ ਢਿੱਲੋਂ ਵੱਲੋਂ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦਾ ਵਿਸ਼ੇਸ਼ ਸਨਮਾਨ ਦੇ ਕੇ ਧੰਨਵਾਦ ਕੀਤਾ ਗਿਆ।

ਇਸ ਮੌਕੇ ਮਜੀਠੀਆ ਨੇ ਓਲੰਪਿਕ 'ਚ ਮਹਿਲਾ ਅਤੇ ਪੁਰਸ਼ ਹਾਕੀ ਟੀਮ ਨੂੰ ਵਧੀਆ ਪ੍ਰਦਰਸ਼ਨ ਲਈ ਵਧਾਈ ਦਿੰਦਿਆਂ ਕਿਹਾ ਕਿ ਪੂਰੀ ਹਾਕੀ ਟੀਮ ਵਧਾਈ ਦੀ ਪਾਤਰ ਹੈ ਜੋ ਸਾਡੇ ਦੇਸ਼ ਦਾ ਨਾਂ ਅੱਜ ਭਾਰਤੀ ਖੇਡਾਂ 'ਚ ਰੋਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲੋਕਾਂ ਲਈ ਕਰਾਰਾ ਜਵਾਬ ਹੈ ਜੋ ਲੋਕ ਪੰਜਾਬੀਆਂ ਨੂੰ ਨਿੰਦਣ ਵਿਚ ਜ਼ੋਰ ਲਗਾ ਰਹੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਾਰੀ ਤਿੰਨੇ ਕਾਲੇ ਕਾਨੂੰਨ ਕਿਸਾਨੀ ਨੂੰ ਬਰਬਾਦ ਕਰਨ ਲਈ ਬਣੇ ਹਨ ਤੇ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠ ਕੇ ਤਿੰਨੇ ਕਾਲੇ ਕਾਨੂੰਨਾਂ ਦਾ ਡਟ ਕੇ ਵਿਰੋਧ ਕਰ ਰਹੇ ਹਨ।

ਕੇਂਦਰ ਸਰਕਾਰ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਕਿਸਾਨੀ ਦੇ ਭਲੇ ਲਈ ਦੱਸ ਰਹੀ ਹੈ। ਇਸ ਮੌਕੇ ਹਲਕਾ ਡੇਰਾਬੱਸੀ ਦੇ ਵਿਧਾਇਕ ਐੱਨਕੇ ਸ਼ਰਮਾ (MLA NK Sharma) ਨੇ ਸਿਮਰਜੀਤ ਸਿੰਘ ਢਿੱਲੋਂ ਅਤੇ ਨਿਰਮਲ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੋਹਾਲੀ ਸ਼ਹਿਰ ਪੜ੍ਹੇ-ਲਿਖੇ ਲੋਕਾਂ ਦਾ ਸ਼ਹਿਰ ਹੈ ਅਤੇ ਕਿਸੇ ਵੀ ਸਰਕਾਰ ਨੂੰ ਉਸ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਹੀ ਚੁਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਮੋਹਾਲੀ ਸ਼ਹਿਰ ਦਾ ਵਿਕਾਸ ਹੋਇਆ ਹੈ ਉਹ ਸਭ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਹੋਇਆ ਹੈ। ਚਾਹੇ ਉਹ ਸੜਕਾਂ ਦੀ ਗੱਲ ਹੋਵੇ, ਫਲਾਈ ਓਵਰ ਹੋਣ, ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡਾ ਹੋਵੇ, ਇਹ ਸਾਰਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ ਹੈ।

ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਸਿਮਰਜੀਤ ਸਿੰਘ ਢਿੱਲੋਂ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਲੀਡਰਸ਼ਿਪ ਦੇ ਧੰਨਵਾਦੀ ਹਨ ਜੋ ਇਕ ਛੋਟੇ ਜਿਹੇ ਬੁਲਾਵੇ 'ਤੇ ਇੱਥੇ ਪਹੁੰਚੇ ਹਨ ਤੇ ਉਨ੍ਹਾਂ ਦਾ ਮਾਣ ਵਧਾਇਆ। ਇਸ ਮੌਕੇ ਐੱਸਓਆਈ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਸਿਮਰਨਜੀਤ ਸਿੰਘ ਚੰਦੂਮਾਜਰਾ, ਕਮਲਜੀਤ ਸਿੰਘ ਰੂਬੀ, ਬੀਬੀ ਪਰਮਜੀਤ ਕੌਰ ਲਾਂਡਰਾਂ, ਇਸਤਰੀ ਵਿੰਗ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ, ਭੀਮ ਵੜੈਚ, ਰੋਬਿਨ ਬਰਾੜ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਆਗੂ ਤੇ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਲ ਸਨ।

Posted By: Seema Anand