ਜੇ ਐੱਸ ਕਲੇਰ, ਜ਼ੀਰਕਪੁਰ : ਜ਼ੀਰਕਪੁਰ ਪੰਚਕੁਲਾ ਸੜਕ ਤੇ ਸਥਿਤ ਹੋਟਲ ਏ ਟੂ ਜੈਡ ਦੀ ਤੀਸਰੀ ਮੰਜ਼ਿਲ ਤੋਂ ਡਿੱਗ ਕੇ ਇੱਕ ਕਰੀਬ 32 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਨੇ ਦੋਸ਼ ਲਾਇਆ ਕਿ ਹੋਟਲ ਦੇ ਸੰਚਾਲਕ ਅਤੇ ਉਸ ਦੇ ਲੜਕੇ ਦੇ ਦੋਸਤ ਵਲੋਂ ਬੁਰੀ ਤਰਾਂ ਮਾਰਕੁੱਟ ਕਰਨ ਕਾਰਨ ਹੀ ਉਸ ਦੇ ਲੜਕੇ ਦੀ ਮੌਤ ਹੋਈ ਹੈ।ਪੁਲਿਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ, ਢਕੋਲੀ ਦੀ ਰੈਗਾਲੀਆ ਟਾਵਰ ਦੇ ਵਸਨੀਕ ਰਾਹੁਲ ਨੇ ਅਪਣੇ ਦੋਸਤਾਂ ਨਾਲ ਮਿਲ ਕੇ ਜ਼ੀਰਕਪੁਰ ਦੇ ਹੋਟਲ ਏ ਟੂ ਜੈੱਡ ਵਿਖੇ ਦੋ ਕਮਰੇ ਬੁੱਕ ਕੀਤੇ ਹੋਏ ਸਨ। ਰਾਤ ਵੇਲੇ ਉਹ ਅਤੇ ਉਸ ਦੇ ਦੋਸਤ ਕਈ ਵਾਰ ਬਾਹਰ ਗਏ ਅਤੇ ਹੋਟਲ ਵਿੱਚ ਆਏ। ਇਸ ਦੌਰਾਨ ਸੀ ਸੀ ਟੀ ਵੀ ਫੁਟੇਜ ਵਿੱਚ ਲੜਕੀ ਵੀ ਨਜ਼ਰ ਆ ਰਹੀ ਹੈ।

ਮ੍ਰਿਤਕ ਰਾਹੁਲ ਦੇ ਪਿਤਾ ਮੁਕੇਸ਼ ਨੇ ਕਿਹਾ ਕਿ ਉਸ ਦੇ ਪੁੱਤਰ ਦੀ ਮੌਤ ਲਈ ਹੋਟਲ ਸੰਚਾਲਕ ਵਿਜੇ ਕੁਮਾਰ ਅਤੇ ਰਾਹੁਲ ਦਾ ਦੋਸਤ ਪ੍ਰਦੀਪ ਹੀ ਜਿੰਮੇਵਾਰ ਹਨ।ਉਸ ਨੇ ਕਿਹਾ ਕਿ ਉਸ ਦਾ ਲੜਕਾ ਹੋਟਲ ਦੀ ਚੱਤ ਤੇ ਕੀ ਕਰਨ ਗਿਆ ਸੀ ਅਤੇ ਛੱਤ ਤੋਂ ਡਿੱਗਣ ਤੋਂ ਬਾਅਧ ਉਸ ਦੀ ਸਿਰਫ ਲੱਤ ਹੀ ਟੁੱਟੀ ਹੈ ਜਦਕਿ ਇੰਨੀ ਉਚਾਈ ਤੋਂ ਡਿੱਗਣ ਤੋਂ ਬਾਅਦ ਸ਼ਰੀਰ ਤੇ ਹੋਰ ਵੀ ਸੱਟਾਂ ਹੋਣੀਆ ਚਾਹੀਦੀਆਂ ਸਨ।

ਉਸ ਨੇ ਦੋਸ਼ ਲਾਇਆ ਕਿ ਉਸ ਦੇ ਲੜਕੇ ਨੂੰ ਹਸਪਤਾਲ ਵਿਖੇ ਲਿਜਾਉਣ ਤੋਂ ਬਾਅਦ ਉਸ ਨੂੰ ਡਾਕਟਰਾਂ ਵਲੋਂ ਮ੍ਰਿਤਕ ਐਲਾਨਣ ਤੋਂ ਬਾਅਦ ਤੋਂ ਹੀ ਉਸ ਦੇ ਲੜਕੇ ਦਾ ਦੋਸਤ ਪਰਦੀਪ ਗਾਇਬ ਹੈ ਜੋ ਕਿ ਅਸਲ ਕਹਾਣੀ ਤੋਂ ਪਰਦਾ ਚੁੱਕ ਸਕਦਾ ਹੈ। ਮਾਮਲੇ ਸਬੰਧੀ ਬਲਟਾਣਾ ਚੌਕੀ ਇੰਚਾਰਜ ਹਰਦੀਪ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਹੋਟਲ ਸੰਚਾਲਕ ਵਿਜੇ ਕੁਮਾਰ ਤੋਂ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੜਤਾਲ ਤੋਂ ਬਾਅਦ ਮਾਮਲੇ ਵਿੱਚ ਅਗਲੀ ਕਰਵਾਈ ਕੀਤੀ ਜਾਵੇਗੀ।

Posted By: Jagjit Singh