ਸਤਵਿੰਦਰ ਸਿੰਘ ਧੜਾਕ, ਮੋਹਾਲੀ : ਪੰਜਾਬ ਸਕੂਲ ਸਿੱਖਿਆ ਨਾਲ ਸਬੰਧਤ ਦਸਵੀਂ ਜਮਾਤ ਦੇ ਵਿਦਿਆਰਥੀ ਪ੍ਰੀ-ਬੋਰਡ ਦੀਆਂ ਪ੍ਰੀਖਿਆਵਾਂ ਨਾ ਹੋਣ ਦੇ ਬਾਵਜੂਦ ਪਾਸ ਹੋ ਸਕਦੇ ਹਨ, ਅਜਿਹੇ ਵਿਦਿਆਰਥੀਆਂ ਦੇ ਨਤੀਜੇ ਬਣਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਵੇਰਵੇ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਪਤਾ ਲੱਗਾ ਹੈ ਕਿ ਸਿੱਖਿਆ ਬੋਰਡ ਨੂੰ ਦਸਵੀਂ ਜਮਾਤ ਦੇ ਨਤੀਜੇ ਐਲਾਨਣ ਲਈ ਸਕੂਲਾਂ ਪਾਸੋਂ ਪੂਰੇ ਵੇਰਵੇ ਨਹੀਂ ਮਿਲ ਰਹੇ ਸਨ ਇਸ ਲਈ ਐੱਸਸੀਈਆਰਟੀ (SCERT) ਨੇ ਪੱਤਰ ਜਾਰੀ ਕਰ ਕੇ ਬੋਰਡ ਵੱਲੋਂ ਭੇਜੇ ਗਏ ਪ੍ਰੋਫ਼ਾਰਮੇ ਅਨੁਸਾਰ ਵੇਰਵੇ ਤੁਰੰਤ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਦੱਸ ਦਈਏ ਕਿ ਅਕਾਦਮਿਕ ਸਾਲ 2020-21 ’ਚ ਸਾਲਾਨਾ ਪ੍ਰੀਖਿਆਵਾਂ ਨਾ ਹੋਣ ਕਾਰਨ ਨਤੀਜੇ ਪ੍ਰੀ-ਬੋਰਡ ਦੀਆਂ ਪ੍ਰੀਖਿਆਵਾਂ ਦੇ ਅਨੁਪਾਤਕ ਅੰਕਾਂ ਦੇ ਆਧਾਰ ’ਤੇ ਐਲਾਨੇ ਜਾਣੇ ਹਨ, ਪਰ ਪੰਜਾਬ ’ਚ ਹਜ਼ਾਰਾਂ ਦੀ ਗਿਣਤੀ ’ਚ ਅਜਿਹੇ ਵਿਦਿਆਰਥੀ ਹਨ ਜਿਹੜੇ ਪ੍ਰੀ-ਬੋਰਡ ਦੇ ਇਮਤਿਹਾਨ ਨਹੀਂ ਦੇ ਸਕੇ ਸਨ। ਇਨ੍ਹਾਂ ਵਿਦਿਆਰਥੀਆਂ ਨੂੰ ਅਗਲੇਰੀਆਂ ਜਮਾਤਾਂ ’ਚ ਭੇਜਣ ਵਾਸਤੇ ਹੁਣ ਨਵੇਂ ਪੈਰਾਮੀਟਰ ਤੈਅ ਕੀਤੇ ਗਏ ਹਨ। ਉਧਰ ਬੋਰਡ ਅਧਿਕਾਰੀਆਂ ਵੱਲੋਂ ਨਤੀਜਾ ਤਿਆਰ ਕਰਨ ਦੇ ਦਾਅਵੇ ਹਨ ਤੇ ਅਗਲੇ ਹਫ਼ਤੇ ਨਤੀਜਾ ਘੋਸ਼ਿਤ ਕੀਤਾ ਜਾਣ ਦੀ ਪੂਰੀ ਉਮੀਦ ਹੈ ਪਰ ਸਾਢੇ ਤਿੰਨ ਲੱਖ ਦੇ ਕਰੀਬ ਰਜਿਸਟਰਡ ਵਿਦਿਆਰਥੀਆਂ ਵਿਚੋਂ ਪ੍ਰੀ-ਬੋਰਡ ਦੀਆਂ ਪ੍ਰੀਖਿਆਵਾਂ ਨਾ ਦੇਣ ਵਾਲੇ ਵਿਦਿਆਰਥੀਆਂ ਦੇ ਨਤੀਜੇ ਤਿਆਰ ਕਰਨ ਵਾਸਤੇ ਹਾਲੇ ਸਾਰੇ ਵੇਰਵੇ ਲੋੜੀਂਦੇ ਹਨ।

ਸਟੇਟ ਕੌਂਸਲ ਆਫ਼ ਐਜੂਕੇਸ਼ਨ ਐਂਡ ਰਿਸਰਚ ਟਰੇਨਿੰਗ (ਐੱਸਸੀਈਆਰਟੀ) ਵੱਲੋਂ ਸਕੂਲ ਪ੍ਰਬੰਧਕਾਂ/ਮੁੱਖ ਅਧਿਆਪਕਾਂ ਨੂੰ ਪੱਤਰ ਜਾਰੀ ਪੱਤਰ ’ਚ ਵਿਦਿਆਰਥੀਆਂ ਲਈ ਨਵੇਂ ਨਿਯਮ ਬਣਾ ਕੇ ਵੇਰਵੇ ਸਾਂਝੇ ਕਰਨ ਦੀ ਹਦਾਇਤ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਪ੍ਰੀਖਿਆਵਾਂ ਦੇਣ ਤੋਂ ਵਾਂਝੇ ਰਹਿ ਗਏ ਵਿਦਿਆਰਥੀਆਂ ਨੂੰ ਹੁਣ ਪੰਜਾਬ ਅਚੀਵਮੈਂਟ ਸਰਵੇ (ਪੀਏਐੱਸ) ਤੋਂ ਇਲਾਵਾ ਮਹੀਨਾਵਾਰੀ ਪ੍ਰੀਖਿਆਵਾਂ, ਜੁਲਾਈ, ਸਤੰਬਰ ਤੇ ਨਵੰਬਰ ਦਸੰਬਰ ’ਚ ਹੋਈਆਂ ਪ੍ਰੀਖਿਆਵਾਂ ਦੇ ਵੇਰਵੇ ਭੇਜਣਗੇ।

ਚਾਰ ਸੂਤਰੀ ਪੱਤਰ ’ਚ ਐੱਸਸੀਈਆਰਟੀ ਦੇ ਅਧਿਕਾਰੀਆਂ ਹਦਾਇਤ ਕੀਤੀ ਹੈ ਕਿ ਪ੍ਰੀਖਿਆਵਾਂ ਤੋਂ ਵਾਂਝੇ ਰਹੇ ਵਿਦਿਆਰਥੀਆਂ ਨੂੰ ਪੀਏਐੱਸ ਤੇ ਦੂਜੀਆਂ ਪ੍ਰੀਖਿਆਵਾਂ ਪ੍ਰਾਪਤ ਅੰਕਾਂ ਦੇ ਅਨੁਪਾਤ ਨੂੰ ਆਧਾਰ ਬਣਾ ਕੇ ਭੇਜੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭੇਜੇ ਗਏ ਪ੍ਰੋਫਾਰਮੇ ’ਚ ਦਰਜ ਕੀਤਾ ਜਾਵੇ।

ਦੱਸਣਾਂ ਬਣਦਾ ਹੈ ਕਿ ਪੰਜਾਬ ’ਚ ਕੋਰੋਨਾ ਦਾ ਕਹਿਰ ਘੱਟ ਹੋਣ ਤੋਂ ਬਾਅਦ ਜਦੋਂ ਸਕੂਲ ਖੁੱਲ੍ਹੇ ਤਾਂ ਬਹੁਤ ਸਾਰੇ ਵਿਦਿਆਰਥੀ ਅਜਿਹੇ ਸਨ ਜਿਹੜੇ ਪ੍ਰੀਖਿਆਵਾਂ ਨਹੀਂ ਦੇ ਸਕੇ। ਵਿਭਾਗ ਨੇ ਵਿਦਿਆਰਥੀਆਂ ਨੂੰ ਤਣਾਅ-ਮੁਕਤ ਮਾਹੌਲ ਦੇਣ ਲਈ ਸਕੂਲ ਨਾ ਆ ਸਕਣ ਵਾਲੇ ਵਿਦਿਆਰਥੀਆਂ ਨੂੰ ਆਨਲਾਈਨ ਪ੍ਰੀਖਿਆਵਾਂ ਦੇਣ ਦਾ ਆਪਸ਼ਨ ਦੇ ਦਿੱਤਾ, ਤਾਂ ਵੀ ਹਜ਼ਾਰਾਂ ਵਿਦਿਆਰਥੀ ਮੋਬਾਇਲ ਫ਼ੋਨ ਨਾ ਹੋਣ ਕਾਰਨ ਪ੍ਰੀਖਿਆਵਾਂ ਤੋਂ ਵਾਂਝੇ ਰਹਿ ਗਏ। ਉੱਧਰ ਪੰਜਾਬ ਸਰਕਾਰ ਨੇ 15 ਅਪ੍ਰੈਲ ਨੂੰ ਜਦੋਂ ਸਾਰੇ ਵਿਦਿਆਰਥੀਆਂ ਨੂੰ ਪ੍ਰੀ-ਬੋਰਡ ਦੀਆਂ ਪ੍ਰੀਖਿਆਵਾਂ ਦੇ ਆਧਾਰ ’ਤੇ ਪਾਸ ਕਰਨ ਦਾ ਐਲਾਨ ਕਰ ਦਿੱਤਾ ਤਾਂ ਬੋਰਡ ਨੇ ਵੇਰਵੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਪਰ ਵੇਰਵੇ ਮੁਕੰਮਲ ਨਹੀਂ ਹੋ ਸਕੇ। ਹੁਣ ਜਦੋਂ ਵਿਦਿਆਰਥੀਆਂ ਨੂੰ ਨੰਬਰ ਕਾਰਡ ਜਾਂ ਦਸਵੀਂ ਦੇ ਸਰਟੀਫ਼ਿਕੇਟ ਮੁਹੱਈਆ ਕਰਵਾਏ ਜਾਣਗੇ ਹਨ ਤਾਂ ਬੋਰਡ ਲਈ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਹੋਈਆਂ ਹਨ, ਇਸੇ ਲਈ ਐੱਸਸੀਈਆਰਟੀ ਨੇ ਪ੍ਰੀਖਿਆਵਾਂ ਤੋਂ ਵਾਂਝੇ ਰਹੇ ਵਿਦਿਆਰਥੀਆਂ ਦੇ ਪੀਏਐੱਸ ਤੇ ਹੋਰਨਾਂ ਪ੍ਰੀਖਿਆਵਾਂ ਦੇ ਵੇਰਵੇ ਮੰਗੇ ਹਨ

Posted By: Seema Anand