ਗੁਰਮੁਖ ਵਾਲੀਆ, ਐੱਸਏਐੱਸ ਨਗਰ : ਪੱਛਮੀ ਸੱਭਿਅਤਾ ਦਾ ਤਿਉਹਾਰ ਵੈਲੇਨਟਾਈਨ ਡੇ ਇੱਕ ਪਾਸੇ ਨੌਜਵਾਨ ਮੁੰਡੇ ਕੁੜੀਆਂ ਨੇ ਮੌਜ ਮਸਤੀ ਕਰ ਕੇ ਮਨਾਇਆ, ਉੱਥੇ ਐੱਸਐੱਸਪੀ ਮੋਹਾਲੀ ਕੁਲਦੀਪ ਸਿੰਘ ਚਾਹਲ ਦੇ ਨਿਰਦੇਸ਼ਾਂ ਹੇਠ ਮਟੌਰ ਥਾਣਾ ਪੁਲਿਸ ਨੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸ਼ਹਿਰ ਦੇ ਸਾਰੇ ਕਾਲਜਾਂ ਸਮੇਤ ਵੱਡੀਆਂ ਮਾਰਕੀਟਾਂ 'ਤੇ ਹਰ ਚੌਂਕ 'ਚ ਪੁਲਿਸ ਦਾ ਸਖ਼ਤ ਪਹਿਰਾ ਰਿਹਾ। ਮਟੌਰ ਥਾਣੇ ਤੋਂ ਏਐੱਸਆਈ ਚਰਨਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਵਲੋਂ ਫੇਜ਼-3ਬੀ2, ਫੇਜ਼-7, ਸੈਕਟਰ -70, ਫੇਜ਼-3ਏ ਅਤੇ ਸਰਕਾਰੀ ਸਕੂਲ ਦੇ ਬਾਹਰ ਪੂਰੀ ਮੁਸਤੈਦੀ ਨਾਲ ਚੈਕਿੰਗ ਕੀਤੀ ਗਈ। ਇਸ ਦੌਰਾਨ ਪੁਲਿਸ ਵਲੋਂ ਕੀਤੀ ਗਈ ਸਖ਼ਤੀ ਕਾਰਨ ਵੈਲੇਨਟਾਈਨ ਡੇ ਸਬੰਧੀ ਜਿੱਥੇ ਇੱਕ ਪਾਸੇ ਹੋਟਲਾਂ, ਰੈਸਟੋਰੈਂਟ 'ਤੇ ਵੱਖ -ਵੱਖ ਖਾਣ ਪੀਣ ਦੀਆਂ ਦੁਕਾਨਾਂ 'ਤੇ ਔਰਤਾਂ ਆਪਣੇ ਪਤੀਆਂ ਨਾਲ ਅਤੇ ਕਈ ਮਾਪੇ ਅਪਣੇ ਬੱਚਿਆਂ ਨਾਲ ਵੈਲੇਨਟਾਈਨ ਮਨਾਉਂਦੇ ਦੇਖੇ ਗਏ, ਉੱਥੇ ਨੌਜਵਾਨ ਮੁੰਡੇ ਕੁੜੀਆਂ ਘੱਟ ਦਿਖਾਈ ਦਿੱਤੇ।

ਉਧਰ ਕਈ ਸ਼ਰਾਬ ਦੇ ਠੇਕੇ ਵਾਲਿਆਂ ਵੀ ਠੇਕੇ ਸਜਾ ਕੇ ਵੈਲੇਨਟਾਈਨ ਡੇ ਮਨਾਇਆ। ਵੈਲੇਨਟਾਈਨ ਡੇਅ ਨੂੰ ਲੈ ਕੇ ਇਸ ਵਾਰ ਪੁਲਿਸ ਵਲੋਂ ਕੀਤੀ ਗਈ ਸੁਰੱਖਿਆ ਕਾਰਨ ਸ਼ਹਿਰ ਦੇ ਵੱਖ- ਵੱਖ ਇੰਸਟੀਚਿਊਟ 'ਚ ਪੜ੍ਹਨ ਗਈਆਂ ਕੁੜੀਆਂ ਵੀ ਬਿਨਾਂ ਕਿਸੇ ਡਰ ਦੇ ਗਈਆਂ ਤੇ ਅਪਣੇ ਘਰਾਂ ਨੂੰ ਪਰਤੀਆਂ। ਫੇਜ਼-3ਬੀ2 ਦੀ ਮਾਰਕਿਟ ਦੇ ਬਾਹਰ ਪੁਲਿਸ ਅਧਿਕਾਰੀਆਂ ਨੇ ਮਹਿਲਾ ਪੁਲਿਸ ਨੂੰ ਵੀ ਤਾਇਨਾਤ ਸੀ। ਕਟਾਨੀ ਸਵੀਟਸ ਦੇ ਬਾਹਰ ਡਿਊਟੀ 'ਤੇ ਤਾਇਨਾਤ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਡਿਊਟੀ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਉਹ ਕਾਲਜ ਦੇ ਸਮੇਂ ਕਾਲਜ 'ਚ ਪੜ੍ਹਨ ਜਾਦੀਆਂ ਸਨ ਤਾਂ ਉਹ ਵੈਲੇਨਟਾਈਨ ਡੇਅ ਵਾਲੇ ਦਿਨ ਕਾਲਜ ਨਹੀਂ ਜਾਦੀਆਂ ਸਨ, ਪਰ ਹੁਣ ਪੁਲਿਸ ਵਿਚ ਭਰਤੀ ਹੋ ਕਰਕੇ ਉਹਨਾਂ ਦਾ ਹੌਸਲਾ ਵੱਧ ਗਿਆ ਹੈ। ਹੁਣ ਉਹ ਹੋਰਾਂ ਕੁੜੀਆ ਨੂੰ ਵੀ ਇਹੋ ਸੰਦੇਸ਼ ਦੇ ਰਹੀਆਂ ਹਨ ਕਿ ਕੁੜੀਆ ਮੁੰਡਿਆਂ ਨਾਲੋ ਕਿਸੇ ਪਾਸਿਓਂ ਘੱਟ ਨਹੀਂ। ਏਐੱਸਆਈ ਚਰਨਜੀਤ ਸਿੰਘ ਨੇ ਸ਼ਹਿਰ ਦੀਆਂ ਕੁੜੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸ਼ਰਾਰਤੀ ਅਨਸਰ ਉਨ੍ਹਾਂ ਨਾਲ ਛੇੜਖਾਨੀ ਕਰਦਾ ਹੈ, ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ। ਵੈਲਨਟਾਈਨ ਡੇ ਦੌਰਾਨ ਮਾਰਕੀਟ ਵਿਚ ਹੁਲੜਬਾਜ਼ੀ ਕਰਦੇ ਨੌਜਵਾਨਾਂ ਨੂੰ ਚਰਨਜੀਤ ਸਿੰਘ ਨੇ ਸਮਝਾਉਣ ਮਗਰੋ ਚੇਤਾਵਨੀ ਦੇ ਕੇ ਛੱਡ ਦਿੱਤਾ।

Posted By: Amita Verma