v> ਸਤਵਿੰਦਰ ਸਿੰਘ ਧੜਾਕ, ਮੋਹਾਲੀ : ਮੋਹਾਲੀ ਸ਼ਹਿਰ ਦੀ ਰਹਿਣ ਵਾਲੀ ਡਾ. ਦਰਪਨ ਆਹਲੂਵਾਲੀਆ ਨੇ ਯੂਪੀਐੱਸਸੀ ਦੀਆਂ ਪ੍ਰੀਖਿਆਵਾਂ 'ਚ 80ਵਾਂ ਸਥਾਨ ਹਾਸਿਲ ਕੀਤਾ ਹੈ। ਡਾ. ਦਰਪਨ ਨੇ ਪਟਿਆਲਾ ਦੇ ਰਜਿੰਦਰਾ ਮੈਡੀਕਲ ਕਾਲਜ ਤੋਂ ਐੱਮਬੀਬੀਐੱਸ ਤਕ ਦੀ ਪੜ੍ਹਾਈ ਕੀਤੀ ਹੈ ਤੇ ਪਿਛਲੇ 2 ਸਾਲਾਂ ਤੋਂ ਉਹ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੀ ਸੀ। "ਪੰਜਾਬੀ ਜਾਗਰਣ" ਨਾਲ ਗੱਲਬਾਤ ਕਰਦਿਆਂ ਡਾ. ਦਰਪਨ ਨੇ ਦੱਸਿਆ ਕਿ ਉਸ ਨੇ ਸਾਲ 2019 'ਚ ਵੀ ਯੂਪੀਐੱਸਈ ਦੀ ਪ੍ਰੀਖਿਆ ਦਿੱਤੀ ਸੀ ਜਿਸ ਵਿਚ ਉਹ ਘੱਟ ਨੰਬਰਾਂ ਕਾਰਨ ਸਿਲੈਕਸ਼ਨ ਤੋਂ ਵਾਂਝੀ ਰਹਿ ਗਈ ਤੇ ਉਸ ਨੇ ਦੁਬਾਰਾ ਜੀਅ-ਤੋੜ ਮਿਹਨਤ ਕਰਕੇ ਹੁਣ 80ਵਾਂ ਰੈਂਕ ਹਾਸਿਲ ਕਰ ਲਿਆ। ਡਾ. ਦਰਪਨ ਨੇ ਦੱਸਿਆ ਕਿ ਉਸ ਨੇ ਸਾਲ 2017 ਵਿਚ ਆਪਣੀ ਡਾਕਟਰੀ ਦੀ ਪੜ੍ਹਾਈ ਮੁਕੰਮਲ ਕਰ ਕੇ ਚੰਡੀਗੜ੍ਹ ਦੀ ਕਿਸੇ ਐਨਜੀਓ 'ਚ ਸੇਵਾ ਕਰ ਰਹੀ ਸੀ। ਉਸ ਨੇ ਦੱਸਿਆ ਕਿ ਸਿਵਲ ਸਰਵਿਸਿਜ਼ ਦੀ ਤਿਆਰੀ ਕਰਨ ਲਈ ਉਹ ਹਰ ਰੋਜ਼ 14 ਘੰਟੇ ਤਕ ਪੜ੍ਹਾਈ ਕਰਦੀ ਸੀ। ਇਸ ਵਾਸਤੇ ਉਸ ਨੇ ਕੋਈ ਜ਼ਿਆਦਾ ਕੋਚਿੰਗ ਨਹੀਂ ਲਈ ਸਿਰਫ ਖੁਦ ਪੜ੍ਹਾਈ ਕਰਕੇ ਹੀ ਇਹ ਮੁਕਾਮ ਹਾਸਿਲ ਕਰ ਲਿਆ।

Posted By: Seema Anand