ਜਾਗਰਣ ਸੰਵਾਦਦਾਤਾ, ਲੁਧਿਆਣਾ : ਸਾਲ 2022-23 ਲਈ, ਸਿੱਖਿਆ ਵਿਭਾਗ ਵੱਲੋਂ ਫਿਜਿਕਸ, ਕੈਮਿਸਟਰੀ ਤੇ ਬਾਇਓਲੌਜੀ ਵਿਸ਼ਿਆਂ ਦੇ ਲੈਕਚਰਾਰਾਂ ਲਈ ਪ੍ਰੈਕਟੀਕਲ ਤੇ ਸਬੰਧਤ ਗਤੀਵਿਧੀਆਂ ਕਰਵਾਉਣ ਲਈ ਇਕ 3 ਦਿਨਾਂ ਵਰਕਸ਼ਾਪ ਦਾ ਪ੍ਰਬੰਧ ਕੀਤਾ ਜਾਣਾ ਹੈ। ਫਿਲਹਾਲ ਵਿਭਾਗ ਨੇ ਸ਼ਡਿਊਲ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਇਸ ਲਈ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤਾਂ ਦੇ ਦਿੱਤੀਆਂ ਹਨ ਜਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਡੀਈਓ ਜ਼ਿਲ੍ਹੇ ਦੇ ਪ੍ਰਿੰਸੀਪਲ ਜ਼ਿਲ੍ਹਾ ਮੈਂਟਰ ਦੀ ਮਦਦ ਨਾਲ ਵਰਕਸ਼ਾਪ ਕਰਵਾਉਣ ਲਈ ਸਥਾਨ ਦੀ ਚੋਣ ਕਰਨਗੇ ਪਰ ਉਨ੍ਹਾਂ ਨੂੰ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਜਿਹੜੇ ਸਕੂਲ ਦੀ ਵੀ ਚੋਣ ਕੀਤੀ ਗਈ ਹੈ, ਉਸ ਵਿਚ ਪ੍ਰੈਕਟੀਕਲ ਦਾ ਸਾਮਾਨ ਉਪਲਭਦ ਹੋਵੇ ਤੇ ਉਹ ਸਹੀ ਹਾਲਾਤ 'ਚ ਹੋਵੇ।

ਵਰਕਸ਼ਾਪ 'ਚ ਪ੍ਰਿੰਸੀਪਲ ਜ਼ਿਲ੍ਹਾ ਸਲਾਹਕਾਰ ਰਿਸੋਰਸ ਪਰਸਨ ਵਜੋਂ ਕੰਮ ਕਰਨਗੇ। ਗਣਨਾ ਲਈ ਵਰਕਸ਼ਾਪ 'ਚ ਇੱਕ ਲੌਗ ਟੇਬਲ ਮੁਹੱਈਆ ਕਰਵਾਇਆ ਜਾਵੇ ਤੇ ਕੈਮਿਸਟਰੀ ਦੀ ਸਾਲਟ ਐਨਲਸਿਸ ਕਰਵਾਉਣ ਜ਼ਰੂਰੀ ਗੈਸ ਤਿਆਰ ਕੀਤੀ ਜਾਵੇ। ਇਸ ਦੇ ਨਾਲ ਹੀ ਬਾਇਓਲੋਜੀ ਪ੍ਰੈਕਟੀਕਲ ਲਈ ਮਾਈਕ੍ਰੋਸਕੋਪ, ਲੋੜੀਂਦੀਆਂ ਸਲਾਈਡਾਂ, ਟੈਸਟਿੰਗ ਲਈ ਜ਼ਰੂਰੀ ਰਸਾਇਣ ਤਿਆਰ ਕਰ ਕੇ ਮੰਗਵਾ ਲਏ ਜਾਣ।

ਸਕੂਲਾਂ ਨੂੰ ਲੈਬ ਦੀ ਸਫਾਈ ਵੱਲ ਧਿਆਨ ਦੇਣਾ ਪਵੇਗਾ

ਹਦਾਇਤਾਂ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜਿਸ ਸਕੂਲ ਨੂੰ ਵੈਨਿਊ ਚੁਣਿਆ ਜਾਵੇਗਾ, ਉਸ ਵਿਚ ਲੈਬ ਦੀ ਸਫ਼ਾਈ 'ਤੇ ਧਿਆਨ ਦੇਣ ਦੀ ਜ਼ਿੰਮੇਵਾਰੀ ਸਕੂਲ ਪ੍ਰਿੰਸੀਪਲ, ਸਾਇੰਸ ਲੈਕਚਰਾਰਾਂ ਦੀ ਹੋਵੇਗੀ। ਵਰਕਸ਼ਾਪ ਦੇ ਪਹਿਲੇ ਤੇ ਦੂਜੇ ਦਿਨ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਪ੍ਰੈਕਟੀਕਲ ਗਰੁੱਪ ਬਣਾ ਕੇ ਕੀਤੇ ਜਾਣ ਤੇ ਤੀਜੇ ਦਿਨ ਹੈਂਡਸ ਆਨ ਪ੍ਰੈਕਟੀਕਲ ਪ੍ਰਦਰਸ਼ਿਤ ਕੀਤੇ ਜਾਣ। ਵੈਨਿਊ ਦੀ ਲੈਬ ਜਾਂ ਕਲਾਸਰੂਮ 'ਚ 40 ਤੋਂ ਜ਼ਿਆਦਾ ਅਧਿਆਪਕ ਨਹੀਂ ਹੋਣੇ ਚਾਹੀਦੇ।

50 ਰੁਪਏ ਪ੍ਰਤੀ ਵਿਅਕਤੀ ਪ੍ਰਤੀ ਦਿਨ ਦੇ ਹਿਸਾਬ ਨਾਲ ਕੀਤਾ ਜਾ ਸਕੇਗਾ ਖਰਚ

ਤਿੰਨ ਰੋਜ਼ਾ ਵਰਕਸ਼ਾਪ 'ਚ ਡਾਈਟਸ ਨੂੰ ਉਪਰੋਕਤ ਖਰਚਿਆਂ ਲਈ ਅਧਿਆਪਕ ਸਿਖਲਾਈ ਫੰਡ ਦੀ ਅਗਾਊਂ ਵਰਤੋਂ ਕਰਨ ਦੀ ਹਦਾਇਤ ਕੀਤੀ ਗਈ ਹੈ। ਜਿਸ ਵਿਚ ਪ੍ਰਬੰਧਕੀ ਖਰਚੇ ਲਈ 20 ਰੁਪਏ ਤੇ ਸਟੇਸ਼ਨਰੀ ਅਤੇ ਗਤੀਵਿਧੀਆਂ ਲਈ 30 ਰੁਪਏ ਪ੍ਰਤੀ ਵਿਅਕਤੀ ਪ੍ਰਤੀ ਦਿਨ ਖਰਚ ਕੀਤੇ ਜਾ ਸਕਦੇ ਹਨ। ਇਸ ਤਰ੍ਹਾਂ ਪ੍ਰਤੀ ਵਿਅਕਤੀ ਪੰਜਾਹ ਰੁਪਏ ਪ੍ਰਤੀ ਦਿਨ ਖਰਚ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।

Posted By: Seema Anand