ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਇਥੋਂ ਦੇ ਨਜ਼ਦੀਕੀ ਪਿੰਡ ਹਰਿਪੁਰ ਹਿੰਦੂਆਂ 'ਚ ਚੋਰਾਂ ਨੇ ਇੱਕ ਘਰ 'ਚੋਂ ਅੱਠ ਤੋਲੇ ਸੋਨਾ ਚਾਰ ਤੋਲੇ ਚਾਂਦੀ ਤੇ ਦੋ ਲੱਖ ਕੈਸ਼ ਚੋਰੀ ਕਰ ਕੇ ਲੈ ਗਏ। ਪਿੰਡ 'ਚ ਚੋਰਾਂ ਵੱਲੋਂ ਕੀਤੀ ਚੋਰੀ ਕਾਰਨ ਲੋਕੀ ਸਹਿਮੇ ਹੋਏ ਹਨ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਨੇ ਦੱਸਿਆ ਕਿ ਘਰ ਵਿੱਚ ਉਸਦੇ ਚਾਚਾ ਗੁਰਦੇਵ ਸਿੰਘ ਅਤੇ ਚਾਚੀ ਰਾਤੀ ਸੌਂ ਰਹੇ ਸਨ। ਕਰੀਬ ਰਾਤ ਨੂੰ ਇੱਕ-ਡੇਢ ਵਜੇ ਦੇ ਕਰੀਬ ਚੋਰ ਅਲਮਾਰੀ ਵਿੱਚੋਂ ਅੱਠ ਤੋਲੇ ਸੋਨਾ ਚਾਰ ਕਿਲੋ ਚਾਂਦੀ ਤੇ ਇੱਕ ਲੱਖ ਕੈਸ਼ ਅਤੇ ਇੱਕ ਲੱਖ ਕੈਸ਼ ਗੁੱਗਾ ਮਾੜੀ ਦੇ ਗੋਲਕ ਵਿਚੋਂ ਚੋਰੀ ਕਰ ਕੇ ਲੈ ਗਏ। ਅਵਤਾਰ ਨੇ ਦੱਸਿਆ ਕਿ ਜਦੋ ਰਾਤੀ ਚੋਰਾਂ ਵੱਲੋਂ ਚੋਰੀ ਕੀਤੀ ਗਈ ਤਾਂ ਉਸ ਸਮੇਂ ਚਾਚਾ-ਚਾਚੀ ਨੂੰ ਕੂਲਰ ਦੀ ਆਵਾਜ਼ ਕਾਰਨ ਚੋਰਾਂ ਦਾ ਪਤਾ ਨਹੀਂ ਚੱਲ ਸਕਿਆ। ਜਿਸ ਕਾਰਨ ਚੋਰ ਆਸਾਨੀ ਨਾਲ ਸਾਰਾ ਸਮਾਨ ਚੋਰੀ ਕਰ ਕੇ ਲੈ ਗਏ।

ਅਵਤਾਰ ਨੇ ਦੱਸਿਆ ਕਿ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਵਿੱਚ ਇੱਕ ਚੋਰ ਸਮਾਨ ਲੈ ਜਾਂਦਾ ਵਿਖਾਈ ਦੇ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦਾ ਚਾਚਾ ਪਿੰਡ ਦੇ ਗੁੱਗਾ ਮਾੜੀ ਦਾ ਪ੍ਰਧਾਨ ਵੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਇਸ ਸੰਬੰਧੀ ਡੇਰਾਬੱਸੀ ਥਾਣਾ ਮੁਖੀ ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਮਲੇ ਦੀ ਸ਼ਿਕਾਇਤ ਮਿਲੀ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Posted By: Ramanjit Kaur