ਜੇਐੱਨਐੱਨ, ਮੁਹਾਲੀ, Chandigarh University MMS Case: ਚੰਡੀਗਡ਼੍ਹ ਯੂਨੀਵਰਸਿਟੀ ਦੇ ਹੋਸਟਲ ’ਚ ਕਈ ਵਿਦਿਆਰਥਣਾਂ ਦੇ ਨਹਾਉਂਦੇ ਸਮੇਂ ਦੀਆਂ ਬਣਾਈਆਂ ਗਈਆਂ ਅਸ਼ਲੀਲ ਵੀਡੀਓ ਦੇ ਮਾਮਲੇ ’ਚ ਡੂੰਘੀ ਸਾਜ਼ਿਸ਼ ਦੇ ਸੰਕੇਤ ਮਿਲ ਰਹੇ ਹਨ। ਇਸ ਮਾਮਲੇ ਦੀ ਜਾਂਚ ਲਈ ਤਿੰਨ ਮਹਿਲਾ ਪੁਲਿਸ ਅਧਿਕਾਰੀਆਂ ਦੀ ਮੈਂਬਰਸ਼ਿਪ ਵਾਲੀ ਐੱਸਆਈਟੀ ਗਠਿਤ ਕਰ ਦਿੱਤੀ ਗਈ ਹੈ।

ਮੁੱਢਲੀ ਜਾਂਚ ’ਚ ਪਤਾ ਲੱਗਿਆ ਹੈ ਕਿ ਹਿਮਾਚਲ ਦੇ ਰੋਹਡ਼ੂ ਤੋਂ ਫਡ਼ੇ ਗਏ ਮੁਲਜ਼ਮ ਸੰਨੀ ਨੇ ਵਿਦਿਆਰਥਣ ਨੂੰ ਪ੍ਰੇਮ ਜਾਲ ’ਚ ਫਸਾ ਕੇ ਉਸ ਦੀ ਅਸ਼ਲੀਲ ਵੀਡੀਓ ਮੰਗੀ ਤੇ ਇਸ ਤੋਂ ਬਾਅਦ ਆਪਣੇ ਦੋਸਤ ਰੰਕਜ ਵਰਮਾ ਤੇ ਇਕ ਹੋਰ ਨੌਜਵਾਨ ਨਾਲ ਮਿਲ ਕੇ ਉਸ ਨੂੰ ਬਲੈਕਮੇਲ ਕਰਨ ਲੱਗ ਪਿਆ। ਉਸ ਜ਼ਰੀਏ ਦੂਜੀਆਂ ਵਿਦਿਆਰਥਣਾਂ ਦੇ ਅਸ਼ਲੀਲ ਵੀਡੀਓ ਬਣਵਾਈਆਂ। ਪੁਲਿਸ ਨੂੰ ਖ਼ਦਸ਼ਾ ਹੈ ਕਿ ਮੁਲਜ਼ਮਾਂ ਨੇ ਇਹ ਵੀਡੀਓ ਅੱਗੇ ਵੇਚ ਦਿੱਤੇ। ਮਾਮਲੇ ਦੇ ਤਾਰ ਗੁਜਰਾਤ ਤੇ ਮੁੰਬਈ ਨਾਲ ਵੀ ਜੁਡ਼ ਰਹੇ ਹਨ। ਇਸ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਵਿਦਿਆਰਥਣ, ਉਸ ਦੇ ਦੋਸਤ ਸੰਨੀ ਤੇ ਰੰਕਜ ਵਰਮਾ ਨੂੰ ਖਰਡ਼ ਅਦਾਲਤ ਨੇ ਸੱਤ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਦੇ ਮੋਬਾਈਲ ਫੋਨ ’ਤੇ ਗੁਜਰਾਤ ਤੇ ਮੁੰਬਈ ਤੋਂ ਵੀ ਕਈ ਕਾਲਾਂ ਆਈਆਂ ਹਨ। ਜਿਸ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਨੇ ਦੱਸਿਆ ਹੈ ਕਿ ਇਸ ਮਾਮਲੇ ’ਚ ਇਕ ਹੋਰ ਸ਼ਖ਼ਸ ਵੀ ਸ਼ਾਮਿਲ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ।

ਅਦਾਲਤ ’ਚ ਦੂਜੀ ਵੀਡੀਓ ਦੀ ਗੱਲ ਸਾਹਮਣੇ ਆਈ

ਹੁਣ ਤੱਕ ਪ੍ਰਸ਼ਾਸਨ ਤੇ ਪੁਲਿਸ ਦਾ ਦਾਅਵਾ ਰਿਹਾ ਹੈ ਕਿ ਮੁਲਜ਼ਮ ਵਿਦਿਆਰਥਣ ਨੇ ਇਕ ਹੀ ਵੀਡੀਓ ਬਣਾਈ ਸੀ, ਜਿਹਡ਼ੀ ਉਸਦੀ ਸੀ। ਪਰ ਅਦਾਲਤ ’ਚ ਦੱਸਿਆ ਗਿਆ ਵਿਦਿਆਰਥਣ ਨੇ ਦੋ ਵੀਡੀਓ ਬਣਾਈਆਂ ਸਨ। ਦੂਜੀ ਵੀਡੀਓ ਕਿਸੇ ਹੋਰ ਵਿਦਿਆਰਥਣ ਦੀ ਸੀ। ਐਡਵੋਕੇਟ ਸੰਦੀਪ ਸ਼ਰਮਾ ਨੇ ਕਿਹਾ ਕਿ ਦੂਜੀ ਵੀਡੀਓ ’ਚ ਕਿਸੇ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਤੇ ਵਾਇਰਲ ਵੀ ਨਹੀਂ ਹੋਈ। ਵਕੀਲ ਨੇ ਕਿਹਾ ਕਿ ਰੰਕਜ ਦਾ ਇਸ ਮਾਮਲੇ ’ਚ ਕੋਈ ਲੈਣਾ-ਦੇਣਾ ਨਹੀਂ ਹੈ। ਜਿਸ ਚੌਥੇ ਸ਼ਖ਼ਸ ਨੇ ਕੁਡ਼ੀ ਨੂੰ ਬਲੈਕਮੇਲ ਕਰ ਕੇ ਵੀਡੀਓ ਬਣਵਾਈਆਂ ਉਸ ਨੇ ਆਪਣੇ ਆਈਪੀ ਅਡਰੈੱਸ ’ਤੇ ਰੰਕਜ ਦੀ ਤਸਵੀਰ ਲਗਾਈ ਸੀ ਤੇ ਉਹ ਰੰਕਜ ਬਣ ਕੇ ਕੁਡ਼ੀ ਨਾਲ ਚੈਟਿੰਗ ਕਰ ਰਿਹਾ ਸੀ।

ਤਿੰਨਾਂ ਦੇ ਮੋਬਾਈਲ ਫੋਰੈਂਸਿਕ ਲੈਬ ਭੇਜੇ

ਕੁਡ਼ੀ ਸਮੇਤ ਤਿੰਨਾਂ ਮੁਲਜ਼ਮਾਂ ਦੇ ਮੋਬਾਈਲ ਫੋਨ ਜਾਂਚ ਲਈ ਫੋਰੈਂਸਿਕ ਲੈਬ ਭੇਜੇ ਗਏ ਹਨ। ਜਾਂਚ ’ਚ ਪਤਾ ਲੱਗਿਆ ਹੈ ਕਿ ਤਿੰਨਾਂ ਨੇ ਆਪਣੇ ਮੋਬਾਈਲਾਂ ਤੋਂ ਵੀਡੀਓ ਡਿਲੀਟ ਕਰ ਦਿੱਤੀਆਂ ਹਨ। ਪੂਰਾ ਡਾਟਾ ਰਿਕਵਰ ਕਰਨ ਲਈ ਆਈਟੀ ਮਾਹਰਾਂ ਦੀ ਟੀਮ ਕੰਮ ਕਰ ਰਹੀ ਹੈ।

ਦੂਜੀ ਡਿਵਾਈਸ ’ਚ ਵੀਡੀਓ ਸਟੋਰ ਕਰਦਾ ਸੀ ਸੰਨੀ

ਪੁਲਿਸ ਮੁਤਾਬਕ ਜਾਂਚ ’ਚ ਪਤਾ ਲੱਗਿਆ ਹੈ ਕਿ ਕੁਡ਼ੀ ਆਪਣੇ ਦੋਸਤ ਸੰਨੀ ਨੂੰ ਜਿਹਡ਼ੀ ਵੀਡੀਓ ਭੇਜਦੀ ਸੀ, ਉਸ ਨੂੰ ਉਹ ਕਿਸੇ ਹੋਰ ਡਿਵਾਈਸ ’ਚ ਸਟੋਰ ਕਰਦਾ ਸੀ। ਸੰਨੀ ਤੋਂ ਉਹ ਡਿਵਾਈਸ ਬਰਾਮਦ ਕੀਤੀ ਜਾਣੀ ਹੈ।

ਇਨ੍ਹਾਂ ਧਾਰਾਵਾਂ ਤਹਿਤ ਮਾਮਲਾ ਦਰਜ

ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 354 ਸੀ (ਕਿਸੇ ਨੂੰ ਲੁਕ ਕੇ ਦੇਖਣਾ) ਤੇ 66 ਈ (ਕਿਸੇ ਇਤਰਾਜ਼ਯੋਗ ਚੀਜ਼ ਨੂੰ ਇੰਟਰਨੈੱਟ ’ਤੇ ਫੈਲਾਉਣਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਧਾਰਾਵਾਂ ਤਹਿਤ ਇੱਕ ਤੋਂ ਤਿੰਨ ਸਾਲ ਤੱਕ ਜੇਲ੍ਹ ਦੀ ਸਜ਼ਾ ਦੀ ਮੱਦ ਹੈ। ਜੇਕਰ ਦੋਬਾਰਾ ਇਨ੍ਹਾਂ ਧਾਰਾਵਾਂ ਤਹਿਤ ਮਾਮਲਾ ਦਰਜ ਹੋਵੇਗਾ ਤਾਂ ਸੱਤ ਸਾਲ ਕੈਦ ਹੋ ਸਕਦੀ ਹੈ।

ਵਾਰ-ਵਾਰ ਬਿਆਨ ਬਦਲ ਰਹੀ ਹੈ ਪੁਲਿਸ

ਇਸ ਮਾਮਲੇ ’ਚ ਪੁਲਿਸ ਵਾਰ-ਵਾਰ ਬਿਆਨ ਬਦਲ ਰਹੀ ਹੈ। ਐੱਫਆਈਆਰ ’ਚ ਪੁਲਿਸ ਨੇ ਛੇ ਵਿਦਿਆਰਥਣਾਂ ਦੀ ਅਸ਼ਲੀਲ ਵੀਡੀਓ ਬਣਨ ਦੀ ਗੱਲ ਲਿਖੀ ਹੈ। ਐਤਵਾਰ ਨੂੰ ਮੋਹਾਲੀ ਦੇ ਐੱਸਐੱਸਪੀ ਵਿਵੇਕ ਸਿੰਘ ਸੋਨੀ ਨੇ ਇਕ ਵੀਡੀਓ ਦੀ ਗੱਲ ਕਹੀ ਸੀ, ਜਿਹਡ਼ੀ ਮੁਲਜ਼ਮ ਵਿਦਿਆਰਥਣ ਦੀ ਸੀ। ਸੋਮਵਾਰ ਨੂੰ ਅਦਾਲਤ ’ਚ ਪੁਲਿਸ ਨੇ ਬਿਆਨ ਦਿੱਤਾ ਕਿ ਦੋ ਅਸ਼ਲੀਲ ਵੀਡੀਓ ਬਣਾਈਆਂ ਗਈਆਂ ਹਨ।

ਗਰਲਜ਼ ਹੋਸਟਲ ਦੀਆਂ ਦੋਵੇ ਵਾਰਡਨ ਮੁਅੱਤਲ

ਇਸ ਮਾਮਲੇ ’ਚ ਐੱਲਸੀ ਹੋਸਟਲ ਦੀਆਂ ਦੋਵੇਂ ਵਾਰਡਨ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਦੋਸ਼ ਹੈ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੋਸਟਲ ’ਚ ਵਿਦਿਆਰਥਣਾਂ ਨੇ ਸਭ ਤੋਂ ਪਹਿਲਾਂ ਹੋਸਟਲ ਐੱਲਸੀ-3 ਦੀ ਵਾਰਡਨ ਸੁਨੀਤਾ ਨੂੰ ਜਾਣਕਾਰੀ ਦਿੱਤੀ ਸੀ, ਉਨ੍ਹਾਂ ਨੇ ਜਾਂਚ ਕਰਵਾਉਣ ਦੀ ਥਾਂ ਇਸ ਨੂੰ ਦਬਾਉਣ ਲਈ ਵਿਦਿਆਰਥਣਾਂ ’ਤੇ ਦਬਾਅ ਬਣਾਇਆ। ਦੂਜੀ ਵਾਰਡਨ ਜਸਵਿੰਦਰ ਕੌਰ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਮਾਮਲਾ ਧਿਆਨ ’ਚ ਆਉਣ ਤੋਂ ਬਾਅਦ ਉਸ ’ਤੇ ਕਾਰਵਾਈ ਕਰਨ ’ਚ ਸਮਾਂ ਲਾਇਆ ਤੇ ਉੱਚ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਨਹੀਂ ਦਿੱਤੀ।

ਚੰਡੀਗਡ਼੍ਹ ਯੂਨੀਵਰਸਿਟੀ ਛੇ ਦਿਨ ਲਈ ਬੰਦ

ਵਿਦਿਆਰਥੀਆਂ ਦੇ ਗੁੱਸੇ ਨੂੰ ਦੇਖਦੇ ਹੋਏ ਯੂਨੀਵਰਸਿਟੀ ਛੇ ਦਿਨ ਲਈ ਬੰਦ ਕਰ ਦਿੱਤੀ ਗਈ ਹੈ। ਯੂਨੀਵਰਸਿਟੀ ਦੇ ਆਸ-ਪਾਸ ਪੁਲਿਸ ਦਾ ਪਹਿਰਾ ਵਧਾ ਦਿੱਤਾ ਗਿਆ ਹੈ। ਸੋਮਵਾਰ ਨੂੰ ਤਕਰੀਬਨ ਸਾਰੇ ਹੋਸਟਲਾਂ ਤੋਂ ਵਿਦਿਆਰਥੀ ਆਪਣੇ ਘਰ ਪਰਤ ਗਏ। ਉਨ੍ਹਾਂ ਨੂੰ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੱਕ ਪਹੁੰਚਾਉਣ ਲਈ ਯੂਨੀਵਰਸਿਟੀ ਦੀਆਂ ਬੱਸਾਂ ਲਗਾਈਆਂ ਗਈਆਂ। ਕਈ ਵਿਦਿਆਰਥੀਆਂ ਨੂੰ ਲੈਣ ਲਈ ਉਨ੍ਹਾਂ ਦੇ ਪਰਿਵਾਰ ਪੁੱਜੇ।

Posted By: Jagjit Singh