ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਵਿਗਿਆਨਕ ਦ੍ਰਿਸ਼ਟੀਕੋਣ ਦੇ ਵਿਕਾਸ ਲਈ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ 'ਚ ਵਿਸ਼ੇਸ਼ ਉਪਰਾਲਾ ਕਰਦਿਆਂ ਮਿਡਲ ਤੇ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਵਿਗਿਆਨ ਵਿਸ਼ੇ ਦੀਆਂ ਆਨਲਾਈਨ ਕਿਰਿਆਵਾਂ ਸ਼ੁਰੂ ਕੀਤੀਆਂ ਹਨ| ਸਿੱਖਿਆ ਵਿਭਾਗ ਵੱਲੋਂ ਪਿਛਲੇ ਹਫਤੇ 6ਵੀਂ ਜਮਾਤ ਤੋਂ 10ਵੀਂ ਜਮਾਤ ਤਕ ਦੇ ਵਿਦਿਆਰਥੀਆਂ ਲਈ ਵਿਗਿਆਨ ਵਿਸ਼ੇ ਦੀਆਂ ਐਕਟੀਵਿਟੀਜ਼ ਭੇਜਣੀਆਂ ਸ਼ੁਰੂ ਕੀਤੀਆਂ ਗਈਆਂ ਹਨ| ਇਨ੍ਹਾਂ ਐਕਟੀਵਿਟੀਜ਼ 'ਚ ਵਿਦਿਆਰਥੀਆਂ ਨੇ ਵਿਸ਼ੇਸ਼ ਦਿਲਚਸਪੀ ਤੇ ਭਾਰੀ ਉਤਸ਼ਾਹ ਦਿਖਾਇਆ ਹੈ|

ਇਸ ਸਬੰਧੀ ਵਿਗਿਆਨ ਵਿਸ਼ੇ ਦੇ ਸਟੇਟ ਕੋਆਰਡੀਨੇਟਰ ਸੁਸ਼ੀਲ ਭਾਰਦਵਾਜ ਨੇ ਦੱਸਿਆ ਕਿ ਛੇਵੀਂ ਤੋਂ ਅੱਠਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੂੰ ਘਰੇਲੂ ਸਾਮਾਨ ਦੀ ਵਰਤੋਂ ਕਰਦਿਆਂ ਐਕਟੀਵਿਟੀ ਰਾਹੀਂ ਚੁੰਬਕੀ ਸੂਈ ਬਣਾਉਣਾ ਸਿਖਾਇਆ ਗਿਆ Dਤੇ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ 'ਜੜ੍ਹਤਾ' ਦੀ ਧਾਰਨਾ ਨੂੰ ਸਮਝਾਉਣ ਲਈ ਕਿਰਿਆ ਕਰਵਾਈ ਗਈ|

ਉਨ੍ਹਾਂ ਦੱਸਿਆ ਕਿ ਇਨ੍ਹਾਂ ਐਕਟੀਵਿਟੀਜ਼ 'ਚ ਵਿਸ਼ੇਸ਼ ਉਤਸ਼ਾਹ ਦਿਖਾਉਂਦਿਆਂ ਛੇਵੀਂ ਤੋਂ ਅੱਠਵੀਂ ਜਮਾਤ ਦੇ 92,731 ਤੇ ਨੌਵੀਂ ਤੇ ਦਸਵੀਂ ਜਮਾਤ ਦੇ 56,984 ਵਿਦਿਆਰਥੀਆਂ ਨੇ ਭਾਗ ਲਿਆ| ਭਵਿੱਖ ਵਿੱਚ ਵੀ ਹਰ ਸੋਮਵਾਰ ਨੂੰ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਇਹ ਐਕਟੀਵਿਟੀਜ਼ ਭੇਜੀਆਂ ਜਾਇਆ ਕਰਨਗੀਆਂ| ਉਨ੍ਹਾਂ ਕਿਹਾ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ 'ਚ ਵਿਭਾਗ ਵੱਲੋਂ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਵਿਗਿਆਨ ਦੀਆਂ ਆਨਲਾਈਨ ਐਕਟੀਵੀਟੀਜ਼ ਆਰੰਭ ਕੀਤੀਆਂ ਗਈਆਂ ਹਨ|

Posted By: Seema Anand