ਜੋਤੀ ਸਿੰਗਲਾ, ਐੱਸ ਏ ਐੱਸ ਨਗਰ:- ਅੱਜ ਮੁਹਾਲੀ ਦੇ ਨਾਲ ਲੱਗਦੇ ਪਿੰਡ ਬਲੌਂਗੀ ਨਜ਼ਦੀਕ ਨਿਰਮਾਣ ਅਧੀਨ ਇੱਕ ਬਿਲਡਿੰਗ ਵਿਚੋਂ 24 ਸਾਲਾ ਨੌਜਵਾਨ ਦੀ ਭੇਤ ਭਰੀ ਹਾਲਤ ਵਿਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜੋ ਪਿਛਲੇ ਦੋ ਦਿਨਾਂ ਤੋਂ ਪਰਿਵਾਰ ਦੇ ਕਹਿਣ ਅਨੁਸਾਰ ਲਾਪਤਾ ਚੱਲ ਰਿਹਾ ਸੀ। ਪਰਿਵਾਰਿਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮਨਜੋਤ ਸਿੰਘ (24) ਦਾ ਪਰਿਵਾਰ ਬਲਾਕ ਮਾਜਰੀ ਦੇ ਪਿੰਡ ਖਿਜਰਾਬਾਦ ਤੋਂ ਦਸ ਬਾਰਾਂ ਸਾਲ ਪਹਿਲਾਂ ਦਿੱਲੀ ਜਾ ਰਹਿਣ ਲੱਗ ਪਿਆ ਸੀ। ਪਰਿਵਾਰ ਵਿੱਚ ਮਨਜੋਤ ਤੋਂ ਇਲਾਵਾ ਇੱਕ ਵੱਡਾ ਭਰਾ ਹੈ। ਪਰਿਵਾਰਿਕ ਮੈਂਬਰਾਂ ਅਨੁਸਾਰ ਮ੍ਰਿਤਕ ਮਨਜੋਤ ਸਿੰਘ ਪੁੱਤਰ ਦਲਜੀਤ ਸਿੰਘ ਜੋ ਫ਼ਿਲਮੀ ਗੀਤਾਂ ਦੀ ਸ਼ੁਟਿੰਗ ਦੌਰਾਨ ਈਵੈਂਟ ਕਰਵਾਉਣ ਵਾਲੀ ਕੰਪਨੀ ਵਿਚ ਕੰਮ ਕਰਦਾ ਸੀ।

ਜੋ ਕੰਪਨੀ ਲਈ ਪਿਛਲੇ ਚਾਰ ਪੰਜ ਸਾਲਾਂ ਤੋਂ ਦੇਸ਼ ਵਿਦੇਸ਼ ਵਿੱਚ ਸ਼ੂਟਿੰਗ ਦੌਰਾਨ ਲਾਈਟਿਗ ਲਗਾਉਣ ਦਾ ਕੰਮ ਕਰ ਚੁੱਕਾ ਹੈ ਅਤੇ 8 ਅਗਸਤ ਨੂੰ ਵੀ ਇੱਕ ਗਾਣੇ ਦੀ ਸ਼ੂਟਿੰਗ ਲਈ ਪਹਿਲਾਂ ਕੁਰਾਲੀ ਅਤੇ ਰਾਤ ਨੂੰ ਮੁਹਾਲੀ ਦੇ ਪਿੰਡ ਬਲੌਂਗੀ ਨਜ਼ਦੀਕ ਇੱਕ ਨਿਰਮਾਣ ਅਧੀਨ ਬਿਲਡਿੰਗ ਵਿੱਚ ਆਇਆ ਸੀ। ਜਿਸ ਨਾਲ ਕੰਪਨੀ ਦੇ ਹੋਰ ਸਟਾਫ ਮੈਂਬਰ ਵੀ ਸਨ। ਪਰੰਤੂ ਦੇਰ ਰਾਤ ਤੋਂ ਬਾਅਦ ਮਨਜੋਤ ਦਾ ਫੋਨ ਨਹੀਂ ਮਿਲ ਰਿਹਾ ਸੀ ਅਤੇ ਜਦੋਂ ਉਹ ਸਵੇਰੇ ਬਾਕੀ ਸਟਾਫ ਨਾਲ ਵਾਪਸ ਆਪਣੇ ਘਰ ਦਿੱਲੀ ਨਾ ਪਹੁੰਚਿਆ ਤਾਂ ਮ੍ਰਿਤਕ ਦੇ ਪਿਤਾ ਵੱਲੋਂ ਪਿੰਡ ਖਿਜਰਾਬਾਦ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਨਜੋਤ ਦੇ ਲਾਪਤਾ ਹੋਣ ਬਾਰੇ ਤੇ ਉਸ ਨੂੰ ਲੱਭਣ ਲਈ ਕਿਹਾ। ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਬਲੌਂਗੀ ਪੁਲਿਸ ਨੂੰ ਸੂਚਿਤ ਕਰ ਆਪਣੇ ਤੌਰ ਤੇ ਭਾਲ ਸ਼ੁਰੂ ਕੀਤੀ ਅਤੇ ਅੱਜ ਸਵੇਰੇ ਪਿੰਡ ਵਾਲਿਆਂ ਵੱਲੋਂ ਬਿਲਡਿੰਗ ਵਿਚ ਨਿਰਮਾਣ ਅਧੀਨ ਲਿਫਟ ਵਾਲੀ ਜਗ੍ਹਾ ਤੇ ਮਨਜੋਤ ਦੀ ਲਾਸ਼ ਬਰਾਮਦ ਹੋਈ। ਜਿਸ ਤੇ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਬਲੌਂਗੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਖਰੜ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਪੁਲਿਸ ਅਨੁਸਾਰ ਪੋਸਟਮਾਟਰਮ ਤੋਂ ਬਾਅਦ ਮ੍ਰਿਤਕ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।

Posted By: Neha Diwan