ਮਹਿਰਾ, ਖਰੜ : ਰੁਜ਼ਗਾਰ ਦੀ ਮੰਗ ਨੂੰ ਲੈ ਕੇ ਅੱਜ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ 1000 ਦੀ ਗਿਣਤੀ ’ਚ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਖਰੜ ਸਥਿਤ ਕੋਠੀ ਦਾ ਘਿਰਾਓ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਪੁਲਿਸ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਮਿਊਂਸਪਲ ਪਾਰਕ ਖਰੜ ’ਚ ਰੋਕ ਦਿੱਤਾ ਗਿਆ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਸਮਝਾਉਣ ਦੇ ਬਾਵਜੂਦ ਮੰਗਾਂ ਨੂੰ ਲੈ ਕੇ ਜ਼ਿੱਦ ’ਤੇ ਅੜੇ ਅਧਿਆਪਕਾਂ ਨੇ ਸੀਐੱਮ ਦੀ ਕੋਠੀ ਵੱਲ ਕੂਚ ਕਰਨਾ ਸ਼ੁਰੂ ਦਿੱਤਾ ਪਰ ਅੱਧ ਵਾਟੇ ਹੀ ਪੁਲਿਸ ਵੱਲੋਂ ਬੈਰੀਕੇਡ ਲਾ ਕੇ ਅਧਿਆਪਕਾਂ ਨੂੰ ਅੱਗੇ ਵੱਧਣ ਤੋਂ ਰੋਕਿਆ ਗਿਆ।

ਇਸ ਦੌਰਾਨ ਐੱਸਡੀਐੱਮ ਖਰੜ ਆਕਾਸ਼ ਬਾਂਸਲ, ਐੱਸਪੀ ਹਰਬੰਸ ਲਾਲ, ਡੀਐੱਸਪੀ ਜਤਿੰਦਰ ਸਿੰਘ, ਤਹਿਸੀਲਦਾਰ ਜਸਵਿੰਦਰ ਸਿੰਘ, ਡੀਐੱਸਪੀ ਮਨਜੀਤ ਸਿੰਘ ਨੇ ਅਧਿਆਪਕ ਯੂਨੀਅਨ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 5 ਨੁਮਾਇਦਿਆਂ ਨੂੰ ਪ੍ਰਮੁੱਖ ਸਕੱਤਰ ਪੰਜਾਬ ਕੁਸ਼ਲ ਲਾਲ ਨਾਲ ਮੁਲਾਕਾਤ ਲਈ ਭੇਜਿਆ।

ਧਰਨੇ ਦੌਰਾਨ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸ਼ਾਮਾ, ਨਿਰਮਲ ਜ਼ੀਰਾ, ਕੁਲਦੀਪ ਖੋਖਰ, ਸ਼ਲਿੰਦਰ ਕੰਬੋਜ਼, ਰਾਜਸੁਖਵਿੰਦਰ ਗੁਰਦਾਸਪੁਰ, ਮਨੀ ਸੰਗਰੂਰ, ਬਲਵਿੰਦਰ ਕਾਕਾ ਤੇ ਸੁਰਿੰਦਰਪਾਲ ਗੁਰਦਾਸਪੁਰ ਗੁਰਪ੍ਰੀਤ ਫ਼ਾਜ਼ਿਲਕਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਭਰਤੀ ਲਈ 3 ਅਕਤੂਬਰ ਨੂੰ ਪ੍ਰੀਖਿਆ ਮਿਤੀ ਨਿਰਧਾਰਤ ਕੀਤੀ ਸੀ ਪਰ ਕੁਝ ਹੋਰ ਪ੍ਰੀਖਿਆਵਾਂ ਨਾਲ ਕਲੈਸ਼ ਹੋਣ ਕਾਰਨ ਇਹ ਪ੍ਰੀਖਿਆ ਮੁਲਤਵੀ ਕਰ ਕੇ 17 ਅਕਤੂਬਰ ਕਰ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਬੇਰੁਜ਼ਗਾਰ ਅਧਿਆਪਕਾਂ ’ਚ ਰੋਸ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਹ ਮਿਤੀ ਇਕ ਵਾਰ ਨਹੀਂ, ਬਲਕਿ ਤਿੰਨ ਵਾਰ ਤਬਦੀਲ ਕੀਤੀ ਹੈ। ਇਸ ਤੋਂ ਸਰਕਾਰ ਦੇ ਮਨਸੂਬੇ ਬੇਰੁਜ਼ਗਾਰ ਅਧਿਆਪਕਾਂ ਨੂੰ ਭਰਤੀ ਕਰਨ ਦੇ ਨਹੀਂ ਲੱਗਦੇ।

ਪ੍ਰਮੁੱਖ ਸਕੱਤਰ ਨਾਲ ਮੀਟਿੰਗ ਰਹੀ ਬੇਸਿੱਟਾ

ਬੇਰੁਜ਼ਗਾਰ ਅਧਿਆਪਕਾਂ ਦੀ ਪੰਜ ਮੈਂਬਰੀ ਟੀਮ ਦੀ ਪ੍ਰਮੁੱਖ ਸਕੱਤਰ ਪੰਜਾਬ ਨਾਲ ਮੀਟਿੰਗ ਬੇਸਿੱਟਾ ਹੋਣ ਕਾਰਨ ਰੋਸ ’ਚ ਆਏ ਅਧਿਆਪਕਾਂ ਨੇ ਬੱਸ ਅੱਡਾ ਖਰੜ ’ਤੇ ਜਾਮ ਲਾ ਦਿੱਤਾ। ਖ਼ਬਰ ਲਿਖੇ ਜਾਣ ਤਕ ਮੁਜ਼ਾਹਰਾ ਜਾਰੀ ਸੀ।

ਅਧਿਆਪਕਾਂ ਨੇ ਦਿਖਾਈ ਨਰਮਾਈ

ਬੇਰੁਜ਼ਗਾਰ ਅਧਿਆਪਕਾਂ ਵੱਲੋਂ ਘੰਟਿਆਂਬੱਧੀ ਲਾਏ ਖਰੜ ਬੱਸ ਅੱਡੇ ’ਤੇ ਜਾਮ ’ਚ ਰਹਾਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਬੇਸ਼ੱਕ ਸਵਾਰੀਆਂ ਨਾਲ ਭਰੀਆਂ ਬੱਸਾਂ ਅਤੇ ਸਕੂਟਰ ਆਦਿ ਛੋਟੇ ਵਾਹਨਾਂ ਦਾ ਲਾਂਘਾ ਨਿਰਵਿਘਨ ਕਰਵਾ ਦਿੱਤਾ ਗਿਆ ਪਰ ਵੱਡੇ ਵਾਹਨ ਜਿਵੇਂ ਟਰੈਕਟਰ ਟਿੱਪਰ ਆਦਿ ਦੇ ਲਾਂਘੇ ਰੋਕੇ ਗਏ।

Posted By: Jagjit Singh