ਜੇਐੱਨਐੱਨ, ਮੋਹਾਲੀ : ਪੰਜਾਬ ਦੇ ਸਕੂਲਾਂ 'ਚ ਕਈ ਸਾਲਾ ਤੋਂ ਕੰਮ ਕਰ ਰਹੇ ਅਸਥਾਈ ਅਧਿਆਪਕਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਹੈ। ਅਧਿਆਪਕਾ ਦੀ ਮੰਗ ਹੈ ਕਿ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ। ਇਸ ਮੰਗ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਕੇ ਅਧਿਆਪਕਾਂ ਬੁੱਧਵਾਰ ਨੂੰ ਮੋਹਾਲੀ ਫੇਜ਼-8 ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) 'ਚ ਸਿੱਖਿਆ ਸਕੱਤਰ ਦਫ਼ਤਰ ਦਾ ਘਿਰਾਓ ਕੀਤਾ ਸੀ। ਅਧਿਆਪਕਾਂ ਦਾ ਪ੍ਰਦਰਸ਼ਨ ਵੀਰਵਾਰ ਨੂੰ ਵੀ ਜਾਰੀ ਹੈ। ਇਸ ਪ੍ਰਦਰਸ਼ਨ 'ਚ ਸੈਂਕੜੇ ਅਧਿਆਪਕ ਜਿਨ੍ਹਾਂ 'ਚ ਔਰਤਾਂ ਵੀ ਸ਼ਾਮਲ ਹਨ, ਸਵੇਰ ਤੋਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਦੇ ਬਾਹਰ ਧਰਨਾ ਦੇ ਰਹੇ ਹਨ। ਔਰਤ ਟੀਚਰਜ਼ ਛੋਟੇ-ਛੋਟੇ ਬੱਚਿਆਂ ਨਾਲ ਦੂਜੇ ਦਿਨ ਧਰਨੇ 'ਚ ਸ਼ਾਮਲ ਹੋਏ ਹਨ। ਅੱਜ ਕੱਚੇ ਅਧਿਆਪਕਾ ਯੂਨੀਅਨ ਦੀਆਂ ਸਿੱਖਿਆ ਮੰਤਰੀ ਦੇ ਨਾਲ ਮੁਲਾਕਾਤ ਹੋਵੇਗੀ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਵੀ ਮੌਜੂਦ ਰਹਿਣਗੇ।

ਦੂਜੇ ਦਿਨ ਵੀ ਜਾਰੀ ਇਸ ਧਰਨੇ ਪ੍ਰਦਰਸ਼ਨ 'ਚ ਪੰਜ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ, ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਖ਼ਿਲਾਫ਼ ਦੱਬ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਵੀ ਕੁਝ ਅਧਿਆਪਕ ਸੱਤਵੀਂ ਮੰਜ਼ਿਲ 'ਤੇ ਚੜ੍ਹ ਗਏ ਹਨ। ਉੱਥੇ ਮੋਹਾਲੀ ਪੁਲਿਸ ਦੇ ਜਵਾਨ ਵੀ ਮੌਕੇ 'ਤੇ ਤਾਇਨਾਤ ਹਨ ਜੋ ਹਾਲਾਤ 'ਤੇ ਨਜ਼ਰ ਬਣਾਏ ਹੋਏ ਹਨ।

Posted By: Amita Verma