ਸਤਵਿੰਦਰ ਸਿੰਘ ਧੜਾਕ, ਮੋਹਾਲੀ : ਕੌਮਾਂਤਰੀ ਯੁਵਾ ਦਿਵਸ 'ਤੇ 12 ਅਗਸਤ ਨੂੰ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਲਗਪਗ ਪੌਣੇ ਦੋ ਲੱਖ ਵਿਦਿਆਰਥੀਆਂ ਨੂੰ ਸਮਾਰਟਫੋਨ ਦੇਣ ਦੀ ਸ਼ੁਰੂਆਤ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਵਿਖੇ ਰਾਣਾ ਕੇਪੀ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ, ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਸੰਗਰੂਰ ਵਿਖੇ, ਕੈਬਨਿਟ ਸਿਹਤ ਮੰਤਰੀ ਬਲਬੀਰ ਜਿੰਘ ਸਿੱਧੂ ਮੋਹਾਲੀ ਵਿਖੇ ਅਤੇ ਹੋਰਨਾਂ ਮੰਤਰੀਆਂ ਵੱਲੋਂ ਵੱਖ-ਵੱਖ ਜ਼ਿਲ੍ਹਿਆਂ 'ਚ ਮੁਫ਼ਤ ਸਮਾਰਟਫੋਨ ਦਿੱਤੇ ਜਾਣ ਦੀ ਸ਼ੁਰੂਆਤ ਕਰਨਗੇ। ਸਮਾਰਟਫੋਨ ਵੰਡਣ ਦੀ ਸ਼ੁਰੂਆਤ ਨੂੰ ਲੈ ਕੇ ਰਾਜ ਭਰ ਦੇ ਵਿਦਿਆਰਥੀਆਂ 'ਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਿੱਖਿਆ ਵਿਭਾਗ ਨਾਲ ਜੁੜੇ ਅਧਿਆਪਕ ਅਤੇ ਮਾਪੇ ਵੀ ਬਾਗ਼ੋਬਾਗ਼ ਹਨ ਕਿ ਵਿਭਾਗ ਵੱਲ੍ਹੋਂ ਚਲ ਰਹੀ ਆਨਲਾਈਨ ਸਿੱਖਿਆ ਨੂੰ ਹੁਣ ਇਸ ਸਹੂਲਤ ਨਾਲ ਹੋਰ ਵੱਡਾ ਹੁਲਾਰਾ ਮਿਲੇਗਾ।

ਬੇਸ਼ੱਕ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭਲਕੇ ਪਹਿਲੇ ਦਿਨ ਹਰ ਜ਼ਿਲ੍ਹੇ 'ਚ ਗਿਣਤੀ ਦੇ ਵਿਦਿਆਰਥੀਆਂ ਨੂੰ ਸਮਾਰਟਫੋਨ ਦਿੱਤੇ ਜਾਣੇ ਹਨ,ਪਰ ਅਗਲੇ ਕੁਝ ਦਿਨਾਂ ਤਕ ਸਾਰੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਸਮਾਰਟ ਫੋਨ ਦੇਣ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।

ਸਰਕਾਰੀ ਸਕੂਲਾਂ ਦੇ 12ਵੀਂ ਜਮਾਤਾਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਸਮਾਰਟ ਫੋਨਾਂ ਦੇ ਐਲਾਨ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨਾਲ ਸਬੰਧਤ ਮਾਪੇ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ। ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨਾਲ ਸਬੰਧਤ 12ਵੀਂ ਜਮਾਤ ਦੇ 1,74,015 ਵਿਦਿਆਰਥੀਆਂ ਨੂੰ ਸਮਾਰਟਫੋਨ ਦਿੱਤੇ ਜਾਣੇ ਹਨ ਜਿਨ੍ਹਾਂ ਵਿਚ ਅੰਮ੍ਰਿਤਸਰ 'ਚ 13471, ਬਰਨਾਲਾ 'ਚ 3792, ਬਠਿੰਕਡਾ 'ਚ 8955, ਫਰੀਦਕੋਟ 'ਚ 3812, ਫਤਿਹਗੜ੍ਹ ਸਾਹਿਬ 'ਚ 3991, ਫਾਜ਼ਿਲਕਾ 'ਚ 8663, ਫਿਰੋਜ਼ਪੁਰ ਚ 5168, ਗੁਰਦਾਸਪੁਰ 'ਚ 12703, ਹੁਸ਼ਿਆਰਪੁਰ 'ਚ 10584, ਜਲੰਧਰ 'ਚ 11894, ਕਪੂਰਥਲਾ 'ਚ 4306, ਲੁਧਿਆਣਾ 'ਚ 16682, ਮਾਨਸਾ 'ਚ 6227, ਮੋਗਾ 'ਚ 6348, ਸ੍ਰੀ ਮੁਕਤਸਰ ਸਾਹਿਬ 'ਚ 6175 ਪਟਿਆਲਾ 'ਚ 13926 ਪਠਾਨਕੋਟ 'ਚ 5283, ਰੂਪਨਗਰ 'ਚ 4721, ਸੰਗਰੂਰ 'ਚ 11179, ਐੱਸਏਐੱਸ ਨਗਰ 'ਚ 5686, ਐੱਸਬੀਐੱਸ ਨਗਰ 'ਚ 3762, ਤਰਨਤਾਰਨ 'ਚ 6417 ਮੋਬਾਈਲ ਦਿੱਤੇ ਜਾਣੇ ਹਨ।

Posted By: Seema Anand