ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਰਾਬੱਸੀ ਏਟੀਐੱਸ ਫਲੈਟਾਂ ਪਿੱਛੇ ਨੌਜਵਾਨ ਨੇ ਦਰੱਖਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ (19) ਪੁੱਤਰ ਮੋਹਨ ਸਿੰਘ ਵਾਸੀ ਪਿੰਡ ਗੁਲਾਬਗੜ੍ਹ ਡੇਰਾਬੱਸੀ ਵਜੋਂ ਹੋਈ ਹੈ। ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ। ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆ ਤਫ਼ਤੀਸੀ ਅਫ਼ਸਰ ਸਬ-ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ 12ਵੀਂ ਪਾਸ ਸੀ। ਪੁਲਿਸ ਨੂੰ ਸੋਮਵਾਰ ਸਵੇਰੇ ਕਰੀਬ ਸਾਢੇ 6 ਵਜੇ ਸੂਚਨਾ ਮਿਲੀ ਕਿ ਏਟੀਐੱਸ ਨੇੜੇ ਨੌਜਵਾਨ ਨੇ ਦਰਖ਼ਤ ਨਾਲ ਫਾਹਾ ਲਿਆ ਹੋਇਆ ਹੈ। ਉਨ੍ਹਾਂ ਮੌਕੇ 'ਤੇ ਪਹੁੰਚ ਉਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਟੀਮ ਨੇ ਉਸ ਦੇ ਮੋਬਾਈਲ ਫ਼ੋਨ 'ਚੋਂ ਨੰਬਰ ਕੱਢ ਕੇ ਮਾਪਿਆਂ ਨੂੰ ਬੁਲਾਇਆ, ਜਿਨ੍ਹਾਂ ਦੱਸਿਆ ਕਿ ਲੜਕੇ ਦਾ ਦੁਸਹਿਰੇ ਵਾਲੇ ਦਿਨ ਸ਼ਾਮ ਨੂੰ ਮਾਂ ਨਾਲ ਝਗੜਾ ਹੋਇਆ ਸੀ, ਜਿਸ ਮਗਰੋਂ ਉਹ ਘਰੋਂ ਚਲਾ ਗਿਆ। ਪਰਿਵਾਰ ਰਾਤ ਤੋਂ ਹੀ ਉਸ ਦੀ ਭਾਲ ਕਰ ਰਿਹਾ ਸੀ। ਪਿੰਡ ਵਾਸੀਆ ਮੁਤਾਬਕ ਨੌਜਵਾਨ ਨੂੰ ਮਾਂ ਨੇ ਸ਼ਰਾਬ ਪੀਣ ਤੋਂ ਵਰਜਿਆ ਸੀ, ਜਿਸ ਮਗਰੋਂ ਗੁੱਸੇ 'ਚ ਆ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ।

Posted By: Jagjit Singh