ਸਤਵਿੰਦਰ ਸਿੰਘ ਧੜਾਕ, ਮੋਹਾਲੀ : ਮੋਹਾਲੀ 'ਚ ਕੋਰੋਨਾ ਦਾ ਖ਼ਤਰਾ ਹੋਰ ਵਧ ਗਿਆ ਹੈ। ਜ਼ਿਲ੍ਹੇ 'ਚ ਡੇਰਾ ਬੱਸੀ ਲਾਗਲੇ ਪਿੰਡ ਜਵਾਰਪੁਰ ’ਚ 6 ਕੇਸ ਬੁੱਧਵਾਰ ਦੇਰ ਸ਼ਾਮ ਤੇ ਇਕ ਕੇਸ ਵੀਰਵਾਰ ਸਵੇਰੇ ਸਾਹਮਣੇ ਆਇਆ। ਹੁਣ ਤਕ ਪਿੰਡ ਜਵਾਹਰਪੁਰ 'ਚ 22 ਮਾਮਲੇ ਸਾਹਮਣੇ ਆ ਚੁੱਕੇ ਹਨ। ਇਕੱਲੇ ਮੋਹਾਲੀ ਜ਼ਿਲ੍ਹੇ ’ਚ ਕੋਰੋਨਾ–ਮਰੀਜ਼ਾਂ ਦੀ ਗਿਣਤੀ ਵਧ ਕੇ 37 ਹੋ ਗਈ ਹੈ। ਨਵੇਂ ਮਾਮਲਿਆਂ 'ਚ ਇਕ ਪੰਚ ਵੀ ਸ਼ਾਮਲ ਹੈ। ਮੋਹਾਲੀ ਪੰਜਾਬ 'ਚ ਸਭ ਤੋੋਂ ਵੱਧ ਮਰੀਜ਼ਾਂ ਵਾਲਾ ਜ਼ਿਲ੍ਹਾ ਬਣ ਗਿਆ ਹੈ। ਇਹ ਜਾਣਕਾਰੀ ਇੱਥੋਂ ਦੇ ਡੀਸੀ ਨੇ ਦਿੱਤੀ।

ਡੀਸੀ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਸਿਰਫ਼ ਇਕਾਂਤਵਾਸ ਵਾਲਿਆਂ ਦੀ ਹੀ ਨਹੀਂ ਬਲਕਿ ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਦੀ ਵੀ ਸੈਂਪਲਿੰਗ ਕਰ ਰਹੀ ਹੈ। ਇਕੱਲੇ ਬੁੱਧਵਾਰ ਨੂੰ ਹੀ 629 ਸੈਂਪਲ ਲਏ ਗਏ। ਇਨ੍ਹਾਂ ਵਿਚੋਂ 142 ਸਿਰਫ਼ ਜਵਾਹਰਪੁਰ ਦੇ ਹਨ।

ਉਨ੍ਹਾਂ ਲੋਕਾਂ ਨੂੰ ਕੋਰੋਨਾ ਵਰਗੀ ਖ਼ਤਰਨਾਕ ਬਿਮਾਰੀ ਤੋਂ ਬਚਣ ਲਈ ਸਿਹਤ ਵਿਭਾਗ ਤੇ ਪੰਜਾਬ ਸਰਕਾਰ ਵੱਲੋਂ ਜਾਰੀ ਐਡਵਾਇਜ਼ਰੀ 'ਤੇ ਅਮਲ ਕਰਨ ਦੀ ਅਪੀਲ ਕੀਤੀ ਤਾਂ ਜੋ ਇਸ ਨੂੰ ਮਾਤ ਦਿੱਤੀ ਜਾ ਸਕੇ।

ਇਨ੍ਹਾਂ ਨੂੰ ਭੇਜਿਆ ਇਕਾਂਤਵਾਸ

ਜਵਾਹਰਪੁਰ ਵਾਸੀ ਕੋਰੋਨਾ ਪੋਜਟਿਵ ਮਰੀਜ਼ ਨਾਇਬ ਸਿੰਘ ਦੇ ਸੰਪਰਕ 'ਚ ਰਹੇ ਇਲਾਕੇ ਪਿੰਡ ਪੜਛ ਦੇ ਜਸਵੀਰ ਸਿੰਘ ਤੇ ਮੇਵਾ ਸਿੰਘ, ਪਿੰਡ ਸੂੰਕ ਦੇ ਦਿਲਬਾਗ ਸਿੰਘ, ਨਾਡਾ ਦੇ ਸੁਰਜੀਤ ਰਾਮ ਤੇ ਚੰਡੀਗੜ੍ਹ ਦੇ ਪਿੰਡ ਖੁੱਡਾ ਅਲੀਸ਼ੇਰ ਦਾ ਰਾਮ ਕੁਮਾਰ ਦੇ ਸਿਹਤ ਵਿਭਾਗ ਦੀ ਟੀਮ ਨੇ ਸੈਂਪਲ ਲੈਂਦਿਆਂ ਇਨ੍ਹਾਂ ਸਭਨਾਂ ਨੂੰ ਇਕਾਂਤਵਾਸ ਕਰ ਦਿੱਤਾ ਹੈ। ਇਸ ਸਬੰਧੀ ਮਾਜਰੀ ਦੇ ਨਾਇਬ ਤਹਿਸੀਲਦਾਰ ਜਸਕਰਨ ਸਿੰਘ ਨੇ ਪੁਸ਼ਟੀ ਕੀਤੀ ਹੈ।

Posted By: Seema Anand