ਮੋਹਾਲੀ : ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਵੱਲੋਂ ਸਰਕਾਰੀ ਕਾਰਜ ਪ੍ਰਣਾਲੀ ਨੂੰ ਦਰੁਸਤ ਕਰਨ ਅਤੇ ਸਿੱਖਿਆ ਦੇ ਮਿਆਰ ਵਿਚ ਇਤਿਹਾਸਿਕ ਸੁਧਾਰ ਲਈ ਦਿੱਤੇ ਗਏ ਆਦੇਸ਼ ਦੀ ਪਾਲਣਾ ਹਿੱਤ ਵੱਖ-ਵੱਖ ਵਿਭਾਗਾਂ ਦੇ ਮੰਤਰੀਆਂ, ਵਿਧਾਇਕਾਂ, ਉੱਚ ਅਧਿਕਾਰੀਆਂ ਅਤੇ ਵਿਸ਼ੇਸ਼ ਨਿਰੀਖਣ ਟੀਮਾਂ ਵੱਲੋਂ ਮੁਲਜਮਾਂ ਦੀ ਹਾਜਰੀ ਦਫ਼ਤਰਾਂ ਵਿਚ ਸਮੇਂ ਸਿਰ ਯਕੀਨੀ ਬਣਾਉਣ ਲਈ ਸਰਕਾਰੀ ਦਫ਼ਤਰਾਂ ਅਤੇ ਵਿੱਦਿਅਕ ਅਦਾਰਿਆਂ ਵਿਚ ਲਗਾਤਾਰ ਅਚਨਚੇਤ ਹਾਜਰੀ ਚੈੱਕ ਕੀਤੀ ਜਾ ਰਹੀ ਹੈ।

ਇਸੇ ਲੜੀ ਤਹਿਤ ਅੱਜ SDM ਮੁਹਾਲੀ ਸ਼੍ਰੀ ਹਰਬੰਸ ਸਿੰਘ ਵੱਲੋਂ ਸਰਕਾਰੀ ਆਈ.ਟੀ.ਆਈ ਲੜਕੀਆਂ ਫੇਜ-5 ਵਿਖੇ ਸਵੇਰੇ 9.00 ਵਜੇ ਅਚਨਚੇਤ ਛਾਪਾ ਮਾਰਕੇ ਸਟਾਫ ਦੀ ਹਾਜਰੀ ਚੈੱਕ ਕੀਤੀ ਗਈ। ਇਸ ਮੌਕੇ ਹਾਜਰ ਸੰਸਥਾ ਦੇ ਪ੍ਰਿੰਸਪਲ ਸ਼੍ਰੀ ਸ਼ਮਸ਼ੇਰ ਸਿੰਘ ਪੁਰਖਾਲਵੀ ਨੇ ਸਟਾਫ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੀ ਹਾਜਰੀ ਦਾ ਹਾਜਰੀ ਰਜਿਸਟਰ ਨਾਲ ਮਿਲਾਨ ਕਰਕੇ SDM ਨੂੰ ਦੱਸਿਆ ਗਿਆ ਕਿ ਸੰਸਥਾ ਦਾ ਸਟਾਫ 100 ਪ੍ਰਤੀਸਤ ਪੂਰਾ ਹੈ, ਜਿਨ੍ਹਾਂ ਦੀ ਹਾਜਰੀ ਬਾਕਾਇਦਾ ਲੱਗੀ ਹੋਈ ਹੈ। ਉਨ੍ਹਾਂ ਅਧਿਕਾਰੀ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰੀ ਨਿਯਮਾਂ ਅਤੇ ਆਦੇਸ਼ ਦੀ ਪਾਲਣਾ ਯਕੀਨੀ ਬਣਾਉਣ ਲਈ ਸੰਸਥਾ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।

SDM ਸ਼੍ਰੀ ਸਿੰਘ ਵੱਲੋਂ ਵੱਖ-ਵੱਖ ਕਲਾਸਾਂ ਦਾ ਦੌਰਾ ਕਰਕੇ ਚੱਲ ਰਹੀਆਂ ਟਰੇਡਾਂ ਦੀ ਜਾਣਕਾਰੀ ਹਾਸਲ ਕੀਤੀ ਗਈ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੰਸਥਾ ਵਿਚ ਮੌਜੂਦ ਕੰਪਿਊਟਰ ਨਾਲ ਸਬੰਧਤ ਸਾਜੋ ਸਾਮਾਨ ਅਤੇ ਇਮਾਰਤ ਵਿਵਸਥਾ ਦਾ ਵੀ ਜਾਇਜਾ ਲਿਆ ਗਿਆ। ਉਨ੍ਹਾਂ ਸੰਸਥਾ ਦੇ ਕਾਰਜ ਪ੍ਰਬੰਧ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਸ਼੍ਰੀ ਪੁਰਖਾਲਵੀ ਨੂੰ ਸੁਚੱਜੇ ਪ੍ਰਬੰਧਾਂ ਬਦਲੇ ਉਨ੍ਹਾਂ ਦੀ ਤਾਰੀਫ ਕੀਤੀ।

Posted By: Ramandeep Kaur