ਰੋਹਿਤ ਕੁਮਾਰ, ਮੋਹਾਲੀ : ਸਿਕੰਦਰ ਭਾਜੀ ਸੁਰਾਂ ਦੇ ਸਿਕੰਦਰ ਨਹੀਂ ਬਲਕਿ ਦਿਲਾਂ ਦੇ ਸਿਕੰਦਰ ਵੀ ਸਨ। ਭਾਜੀ ਦੀ ਹਾਲੇ ਬਹੁਤ ਲੋੜ ਸੀ, ਵਿਸ਼ਵਾਸ ਨਹੀਂ ਹੁੰਦਾ ਕਿ ਹੋ ਗਿਆ। ਪੰਜਾਬ ਦੇ ਪ੍ਰਸਿੱਧ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਇਹ ਗੱਲ ਕਹੀ। ਘੁੱਗੀ ਨੇ ਕਿਹਾ ਕਿ ਪੰਜਾਬ ਇੰਡਸਟਰੀ ਦਾ ਬਾਬਾ ਬੋਹੜ ਚਲਾ ਗਿਆ।

ਪੰਜਾਬ ਦੇ ਮੰਨੇ ਪ੍ਰਮੰਨੇ ਗਾਇਕ ਅਤੇ ਅਦਾਕਾਰ ਸਰਦੂਲ ਸਿਕੰਦਰ ਨੇ ਬੁੱਧਵਾਰ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਆਖਰੀ ਸਾਹ ਲਿਆ। ਉਨ੍ਹਾਂ ਦੇ ਮੌਤ ਦੀ ਖਬਰ ਮਿਲਣ ਤੋਂ ਬਾਅਦ ਹਸਪਤਾਲ ਵਿਚ ਪਹੁੰਚੇ। ਕਈ ਕਲਾਕਾਰਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਵਿਚ ਸਿਕੰਦਰ ਨਾਲ ਮੁਲਾਕਾਤ ਦੀ ਹੋਈ ਸੀ। ਅਜਿਹਾ ਬਿਲਕੁਲ ਨਹੀਂ ਲੱਗ ਰਿਹਾ ਸੀ ਕਿ ਉਹ ਇਸ ਦੁਨੀਆ ਵਿਚ ਨਹੀਂ ਰਹੇ।

ਸਰਦੂਲ ਸਿਕੰਦਰ ਦੀ ਮੌਤ ਦੀ ਖਬਰ ਸੁਣਦੇ ਹੀ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਉਨ੍ਹਾਂ ਦੇ ਚਾਹੁਣ ਵਾਲਿਆਂ ਦਾ ਹਜ਼ੂਮ ਦਾ ਹੜ੍ਹ ਆ ਗਿਆ, ਉਥੇ ਖੰਨਾ ਵਿਖੇ ਉਨ੍ਹਾਂ ਦੀ ਰਿਹਾਇਸ਼ ਵਿਖੇ ਅੰਤਿਮ ਦਰਸ਼ਨਾਂ ਲਈ ਵੱਡੀ ਗਿਣਤੀ ਵਿਚ ਗਾਇਕ, ਸਿਆਸੀ ਲੋਕ ਤੇ ਆਮ ਜਨਤਾ ਪਹੁੰਚ ਰਹੀ ਹੈ। ਕੱਲ ਪੰਜਾਬੀ ਗਾਇਕ ਐਮੀ ਵਿਰਕ ਤੋਂ ਲੈ ਕੇ ਗੁਰਪ੍ਰੀਤ ਘੁੱਗੀ, ਰਣਜੀਤ ਬਾਵਾ, ਕਮਲਜੀਤ ਅਨਮੋਲ ਵਰਗੇ ਨਾਮੀ ਕਲਾਕਾਰ ਫੋਰਟਿਸ ਹਸਪਤਾਲ ਪਹੁੰਚੇ।

ਪੰਜਾਬ ਸਰਕਾਰ ਦਾ ਧੰਨਵਾਦ ਕਰਦਾਂ ਹਾਂ। ਚਾਹੇ ਲਾਸਟ ਮੂਵਮੈਂਟ ’ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਮੰਤਰੀ ਸਾਧੂ ਸਿੰਘ ਧਰਮਸੋਤ ਪਹੁੰਚੇ ਪਰ ਪਾਪਾ ਦਾ ਹਾਲ ਚਾਲ ਜਾਣਾ। ਪਰਿਵਾਰ ਨੇ ਜ਼ਿਆਦਾ ਪਾਪਾ ਦੀ ਬਿਮਾਰੀ ਨੂੰ ਜਨਤਕ ਨਹੀਂ ਕੀਤਾ ਗਿਆ ਸੀ। ਕੋਵਿਡ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਸੀ ਪਰ ਕੋਰੋਨਾ ਤੋਂ ਬਾਅਦ ਜੋ ਇਫੈਕਟ ਹੁੰਦੇ ਹਨ ਉਹ ਘਾਤਕ ਸਿੱਧ ਹੋਏ ਕਿਉਂਕਿ ਕਿਡਨੀ ਟਰਾਂਸਪਲਾਂਟ ਹੋ ਹੋਇਆ ਸੀ। ਮੈਂ ਸਿਰਫ਼ ਸਰਕਾਰ ਤੋਂ ਏਨਾ ਹੀ ਚਾਹੁੰਦਾ ਹੈ ਕਿ ਗਾਇਕ ਸਾਰੀ ਦੁਨੀਆ ਦੇ ਹੁੰਦੇ ਹਨ। ਸਰਕਾਰ ਕਿਸੇ ਦੀ ਵੀ ਹੋਵੇ ਪਰ ਆਪਣੇ ਪੁਰਾਣੇ ਚਾਹੁਣ ਵਾਲਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਸੂਬੇ ਵਿਚ ਕਿਸੇ ਵੀ ਸਰਕਾਰ ਨੂੰ ਜਦੋਂ ਨਾਮੀ ਗਾਇਕ ਦੀ ਲੋੜ ਹੁੰਦੀ ਹੈ ਤਾਂ ਉਹ ਸਟੇਜ ’ਤੇ ਸਰਕਾਰ ਦੇ ਨਾਲ ਆ ਕੇ ਖੜੇ ਹੁੰਦੇ ਹਨ। ਮੌਜੂਦਾ ਸਰਕਾਰ ਨੇ ਜੋ ਕੀਤਾ ਉਹ ਠੀਕ ਕੀਤਾ।

ਅਣਡਿੱਠ ਨਹੀਂ ਕੀਤਾ ਜਾ ਸਕਦਾ ਸਰਦੂਲ ਦਾ ਯੋਗਦਾਨ : ਬਡੂੰਗਰ

ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗਾਇਕ ਕਲਾਕਾਰ ਸਰਦੂਲ ਸਿਕੰਦਰ ਦੇ ਦੇਹਾਂਤ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਰਾਂ ਦੇ ਬਾਦਸ਼ਾਹ ਗਾਇਕ ਸਰਦੂਲ ਸਿਕੰਦਰ ਦਾ ਸਦੀਵੀ ਵਿਛੋਡ਼ਾ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਸਰਦੂਲ ਸਿਕੰਦਰ ਦੇ ਜਾਣ ਨਾਲ ਜਿਥੇ ਪਰਿਵਾਰ ਅਤੇ ਸੰਗੀਤਕ ਇੰਡਸਟਰੀ ਨੂੰ ਵੱਡਾ ਧੱਕਾ ਲੱਗਾ ਹੈ, ਉਥੇ ਹੀ ਸੰਗੀਤ ਦੇ ਖੇਤਰ ’ਚ ਸਰਦੂਲ ਸਿਕੰਦਰ ਦੀ ਹਮੇਸ਼ਾ ਘਾਟ ਰਡ਼ਕਦੀ ਰਹੇਗੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਸਰਦੂਲ ਸਿਕੰਦਰ ਨੇ ਕੇਵਲ ਸੰਗੀਤ ਦੇ ਖੇਤਰ ’ਚ ਹੀ ਨਹੀਂ ਬਲਕਿ ਫਿਲਮੀ ਕਲਾਕਾਰ ਵਜੋਂ ਵੀ ਖੁਦ ਨੂੰ ਸਥਾਪਤ ਕੀਤਾ, ਜਿਸ ਨੂੰ ਕਦੇ ਅਣਡਿੱਠ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਦੀਵੀ ਵਿਛੋਡ਼ਾ ਦੇ ਗਏ ਸਰਦੂਲ ਸਿਕੰਦਰ ਨੂੰ ਪ੍ਰਮਾਤਮਾ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਪੰਜਾਬੀ ਸੰਗੀਤ ਦੇ ਬੱਬਰ ਸ਼ੇਰ ਦੇ ਤੁਰ ਜਾਣ ਨਾਲ ਵੱਡਾ ਘਾਟਾ ਪਿਆ ਹੈ। ਪਤਾ ਨਹੀਂ ਸੀ ਕਿ ਇੰਨਾ ਵੱਡਾ ਧੋਖਾ ਵੀ ਹੋਵੇਗਾ। ਖ਼ਬਰ ਸੁਣਦਿਆਂ ਕਾਲਜਾ ਹੀ ਫਟ ਗਿਆ। ਪਤਾ ਨਹੀਂ ਉਹ ਕਿਹੋ ਜਿਹਾ ਜਾਦੂਗਰ ਸੀ।

-ਹੰਸ ਰਾਜ ਹੰਸ

ਸਰਦੂਲ ਸਿਕੰਦਰ ਦੇ ਤੁਰ ਜਾਣ ਨਾਲ ਪੰਜਾਬੀ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਜਿਹੇ ਫ਼ਨਕਾਰ ਦੁਨੀਆ ’ਤੇ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ।

-ਬਲਕਾਰ ਸਿੱਧੂ

ਸਰਦੂਲ ਸਿਕੰਦਰ ਦੇ ਜਾਣ ਨਾਲ ਚਡ਼੍ਹਦੇ ਪੰਜਾਬ ਦਾ ਨੁਸਰਤ ਫ਼ਤਹਿ ਅਲੀ ਖ਼ਾਨ ਚਲਾ ਗਿਆ ਹੈ।

-ਗੁਰਪ੍ਰੀਤ ਘੁੱਗੀ

-ਸਰਦੂਲ ਸਿਕੰਦਰ ਉਦਾਸ ਗੀਤ ਹੀ ਨਹੀਂ ਸਗੋਂ ਪੰਜਾਬੀ ਸੰਗੀਤ ਜਗਤ ਦਾ ਬਾਦਸ਼ਾਹ ਸੀ। ਉਨ੍ਹਾਂ ਨਾਲ ਬਿਤਾਇਆ ਹਰ ਪਲ ਹਮੇਸ਼ਾ ਚੇਤਿਆਂ ’ਚ ਵਸਿਆ ਰਹੇਗਾ।

-ਰਣਜੀਤ ਰਾਣਾ

ਸਰਦੂਲ ਸਿਕੰਦਰ ਜਿਹੇ ਫ਼ਨਕਾਰ ਸਦੀਆਂ ਬਾਅਦ ਹੀ ਪੈਦਾ ਹੁੰਦੇ ਹਨ। ਹਰ ਨਵੇਂ-ਪੁਰਾਣੇ ਕਲਾਕਾਰ ਲਈ ਉਹ ਪ੍ਰੇਰਨਾ ਦਾ ਸ੍ਰੋਤ ਰਹੇ।

-ਰਵਿੰਦਰ ਗਰੇਵਾਲ

ਸਰਦੂਲ ਸਿਕੰਦਰ ਫ਼ਕੀਰ ਕਲਾਕਾਰ ਸੀ। ਉਸ ਦੀ ਬੁਲੰਦ ਆਵਾਜ਼ ਹਮੇਸ਼ਾ ਪੰਜਾਬ ਦੀਆਂ ਫ਼ਿਜ਼ਾਵਾਂ ’ਚ ਗੂੰਜਦੀ ਰਹੇਗੀ।

-ਸ਼ਫ਼ੀ ਜਲਬੇੜਾ

ਅੱਜ ਦਿਲ ਉਦਾਸ ਹੈ। ਸਰਦੂਲ ਸਿਕੰਦਰ ਦਾ ਚਿਹਰਾ ਹਮੇਸ਼ਾ ਚੇਤਿਆਂ ’ਚ ਰਹੇਗਾ। ਹਰ ਬੰਦਾ ਜੋ ਪੰਜਾਬੀ ਜ਼ੁਬਾਨ ਨਾਲ ਨਾਤਾ ਰੱਖਦਾ ਹੈ, ਸਾਰਿਆਂ ਨੂੰ ਵੱਡਾ ਘਾਟਾ ਪਿਆ ਹੈ।

-ਰੋਮੀ ਰੰਜਨ

ਵਿਸ਼ਵਾਸ ਨਹੀਂ ਹੋ ਰਿਹਾ ਕਿ ਸਰਦੂਲ ਜੀ ਸਾਨੂੰ ਛੱਡ ਗਏ ਹਨ। ਉਨ੍ਹਾਂ ਵਰਗੇ ਇਨਸਾਨ ਦੁਨੀਆ ਬਹੁਤ ਘੱਟ ਉਹ ਆਉਂਦੇ ਹਨ। ਉਹ ਹਮੇਸ਼ਾ ਉਸਤਾਦ ਜੀ ਦੀਆਂ ਯਾਦਾਂ ਸਾਂਝੀਆਂ ਕਰਦੇ ਸਨ। ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ।

- ਜੈਜ਼ੀ ਬੀ

ਸਰਦੂਲ ਸਿਕੰਦਰ ਜੀ ਦੇ ਤੁਰ ਜਾਣ ਨਾਲ ਸੰਗੀਤ ਜਗਤ ਨੂੰ ਵੱਡਾ ਘਾਟਾ ਪਿਆ ਹੈ। ਉਹ ਸਿਰਫ਼ ਖੰਨਾ ਸ਼ਹਿਰ ਦੇ ਹੀ ਨਹੀਂ ਸਗੋਂ ਪੂਰੇ ਵਿਸ਼ਵ ਦੀ ਸ਼ਾਨ ਸਨ। ਹਾਲੇ ਅਜੇ ਕੁਝ ਸਮਾਂ ਪਹਿਲਾਂ ਹੀ ਅਸੀਂ ਅਮਰ ਨੂਰੀ ਸਮੇਤ ਦਿੱਲੀ ’ਚ ਚੱਲ ਰਹੇ ਕਿਸਾਨ ਅੰਦੋਲਨ ’ਚ ਸ਼ਿਰਕਤ ਕਰ ਕੇ ਆਏ ਸੀ। ਇਸ ਦੌਰਾਨ ਉਨ੍ਹਾਂ ਨੇ ਕਿਸਾਨ ਭਰਾਵਾਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ ਸੀ। ਕਾਸ਼! ਉਹ ਕਿਸਾਨਾਂ ਭਰਾਵਾਂ ਦੀ ਜਿੱਤ ਦੇਖਦੇ।

- ਬਿੱਟੂ ਖੰਨੇ ਵਾਲਾ

ਸਰਦੂਲ ਸਿਕੰਦਰ ਜੀ ਸੰਗੀਤ ਦੇ ਇੰਸਟੀਚਿਊਟ ਸਨ। ਸਾਨੂੰ ਨਵੇਂ ਮੁੰਡਿਆਂ ਨੂੰ ਉਨ੍ਹਾਂ ਕੋਲੋਂ ਬਡ਼ਾ ਕੁਝ ਸਿੱਖਣ ਨੂੰ ਮਿਲਦਾ ਸੀ। ਉਨ੍ਹਾਂ ਨੂੰ ਸੁਣ-ਸੁਣ ਕੇ ਅਸੀਂ ਗਾਉਣ ਲੱਗੇ ਹਾਂ। ਸਾਡੀ ਹਿੰਮਤ ਨਹੀਂ ਹੁੰਦੀ ਸੀ ਕਿ ਉਨ੍ਹਾਂ ਸਾਹਮਣੇ ਗਾ ਸਕੀਏ। ਉਨ੍ਹਾਂ ਹਮੇਸ਼ਾ ਹੀ ਸਾਨੂੰ ਥਾਪਡ਼ਾ ਦਿੱਤਾ। ਉਨ੍ਹਾਂ ਦੇ ਤੁਰ ਜਾਣ ਨਾਲ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ।

- ਰਣਜੀਤ ਬਾਵਾ

ਮੈਂ ਸਰਦੂਲ ਭਾਜੀ ਨੂੰ ਮਿਲਣ ਮੰਗਲਵਾਰ ਹੀ ਹਸਪਤਾਲ ਗਿਆ ਤਾਂ ਉਨ੍ਹਾਂ ਮੇਰਾ ਹੱਥ ਫਡ਼ਦਿਆਂ ਕਿਹਾ ਕਿ ਆਪਣਾ ਨਵਾਂ ਗੀਤ ‘ਇੱਕੋ ਰੱਬ’ ਮੈਨੂੰ ਬਹੁਤ ਪਸੰਦ ਹੈ। ਜਲਦੀ ਹੀ ਆਪਾਂ ਨਵਾਂ ਗੀਤ ‘ਇੱਕੋ ਰੱਬ-2’ ਕਰਾਂਗੇ। ਅਸੀਂ ਉਨ੍ਹਾਂ ਕੋਲੋਂ ਸਿਰਫ਼ ਗਾਉਣਾ ਹੀ ਨਹੀਂ ਸਿੱਖਿਆ, ਸਗੋਂ ਸਮਾਜ ’ਚ ਵਿਚਰਨਾ ਵੀ ਸਿੱਖਿਆ ਕਿ ਲੋਕਾਂ ਨਾਲ ਪਿਆਰ ਕਿਵੇਂ ਕਰਨਾ। ਮੈਨੂੰ ਆਪਣੇ ਪੱੁਤਾਂ ਸਾਰੰਗ-ਅਲਾਪ ਵਾਂਗ ਹੀ ਪਿਆਰ ਕਰਦੇ ਸਨ। ਉਨ੍ਹਾਂ ਦੇ ਤੁਰ ਜਾਣ ਦਾ ਮੈਨੂੰ ਬੇਹੱਦ ਅਫਸੋਸ।

- ਮਾਸਟਰ ਸਲੀਮ

-ਸਰਦੂਲ ਭਾਜੀ ਨੂੰ ਦੇਖ ਦੇਖ ਕੇ ਵੱਡੇ ਹੋਏ ਹਾਂ। ਜਦੋਂ ਪਤਾ ਲੱਗਾ ਤਾਂ ਮਨ ਬਹੁਤ ਉਦਾਸ ਹੋ ਗਿਆ। ਕਿਸਾਨ ਅੰਦੋਲਨ ਵਿਚ ਉਨ੍ਹਾਂ ਨੂੰ ਮਿਲਿਆ ਸੀ, ਉਦੋਂ ਅਜਿਹੀ ਕੋਈ ਗੱਲ ਨਹੀਂ ਲੱਗੀ : ਪੰਜਾਬੀ ਗਾਇਕ ਰਣਜੀਤ ਬਾਵਾ।

-ਸੁਰੀਲੀ ਗਾਇਕੀ ਦਾ ਅੰਤ ਹੋ ਗਿਆ। ਪੰਜਾਬੀ ਗੀਤ ਹੀ ਨਹੀਂ ਮਾਤਾ ਦੇ ਜਗਰਾਤੇ ਵੀ ਸਿਕੰਦਰ ਸਾਹਿਬ ਦੇ ਸੁਣਨ ਵਾਲੇ ਹੁੰਦੇ ਸਨ। ਲੋਕ ਅਖਾੜਿਆਂ ਵਿਚ ਸੁਣਨ ਲਈ ਦੂਰੋਂ ਦੂਰੋਂ ਲੋਕ ਪਹੁੰਚਦੇ ਸਨ : ਪੰਜਾਬੀ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ

-ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰਨ ਵਾਲਾ ਸਿਕੰਦਰ ਚਲਾ ਗਿਆ ਪਰ ਉਹ ਸਦਾ ਦਿਲਾਂ ਵਿਚ ਹੀ ਰਹੇਗਾ। ਉਸ ਦੀਆਂ ਸੁਰਾਂ ਨੂੰ ਲੋਕ ਸੁਣਦੇ ਰਹਿਣਗੇ : ਪੰਜਾਬੀ ਗਾਇਕ ਸਤਵਿੰਦਰ ਬੁੱਗਾ

-ਮੈਂ ਭਾਜੀ ਦਾ ਬਹੁਤ ਵੱਡਾ ਫੈਨ ਹਾਂ ਅਤੇ ਰਹਾਂਗਾ। ਬਚਪਨ ਤੋਂ ਉਨ੍ਹਾਂ ਨੂੰ ਸੁਣਦਾ ਆਇਆ ਹਾਂ ਪਰ ਅੱਜ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਸਾਡੇ ਦਰਮਿਆਨ ਨਹੀਂ ਰਹੇ : ਐਮੀ ਵਿਰਕ

-ਵਿਸ਼ਵਾਸ ਨਹੀਂ ਹੋ ਰਿਹਾ। ਇੰਝ ਨਹੀਂ ਲੱਗ ਰਿਹੈ ਕਿ ਭਾਜੀ ਚਲੇ ਗਏ। ਉਹ ਸਦਾ ਦਿਲਾਂ ਵਿਚ ਰਹਿਣਗੇ : ਗਿੱਲ ਹਰਦੀਪ

-ਵਿਸ਼ਵਾਸ ਨਹੀਂ ਹੋ ਰਿਹਾ। ਇਹ ਕੀ ਹੋ ਗਿਆ। ਅਜੇ ਤਾਂ ਭਾਜੀ ਦੀ ਕੁਝ ਵੀ ਉਮਰ ਨਹੀਂ ਸੀ ਪਰ ਈਸ਼ਵਰ ਨੂੰ ਜੋ ਮਨਜ਼ੂਰ। ਉਨ੍ਹਾਂ ਨੂੰ ਕਦੇ ਵੀ ਭੁਲਾ ਨਹੀਂ ਸਕਾਂਗੇ : ਸੰਗੀਤਕਾਰ ਸਚਿਨ ਅਹੂੁਜਾ

Posted By: Tejinder Thind