ਸਤਵਿੰਦਰ ਸਿੰਘ ਧੜਾਕ, ਮੋਹਾਲੀ: ਪੰਜਾਬ ਦੇ ਸਿੱਖਿਆ ਵਿਭਾਗ ਨੇ ਲੰਘੇ ਮਹੀਨੇ ਸੇਵਾ ਮੁਕਤ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਦੁਬਾਰਾ ਕੰਮ ’ਤੇ ਲਗਾ ਦਿੱਤਾ ਹੈ। ਵਿਭਾਗ ਇਨ੍ਹਾਂ ਦੇ ਤਜਰਬਿਆਂ ਨੂੰ ਦੇਖਦਿਆਂ ਸਰਕਾਰੀ ਸਕੂਲਾਂ ’ਚ ਦਾਖ਼ਲੇ ਵਧਾਉਣ ਲਈ ਇਨ੍ਹਾਂ ਕੋਲੋਂ ਆਨਰੇਰੀ ਸੇਵਾਵਾਂ ਲੈਣ ਲਈ ਦੁਬਾਰਾ ਅਧਿਕਾਰ ਦੇ ਦਿੱਤੇ ਹਨ।

ਪਤਾ ਲੱਗਾ ਹੈ ਕਿ ਸਾਲ 2020-21 ਵਾਂਗ ਦਾਖ਼ਲਿਆਂ ’ਚ ਵਾਧਾ ਨਹੀਂ ਹੋ ਰਿਹਾ ਸੀ ਜਿਸ ਕਰਕੇ ਵਿਭਾਗ ਨੇ ਤਜਰਬਾ ਹਾਸਿਲ ਅਫ਼ਸਰਾਂ ਦੀਆਂ ਸੇਵਾਵਾਂ ਲੈਣ ਦਾ ਮਨ ਬਣਾ ਲਿਆ। ਸਕੱਤਰ ਸਕੂਲੀ ਸਿੱਖਿਆ ਕਿ੍ਸ਼ਨ ਕੁਮਾਰ ਨੇ ਇਸ ਕੰਮ ਲਈ ਪੰਜ ਜ਼ਿਲ੍ਹਿਆਂ ਨਾਲ ਸਬੰਧਤ ਸੇਵਾਮੁਕਤ ਅਧਿਕਾਰੀਆਂ ਨੂੰ ਚੁਣਿਆ ਹੈ ਜਿਨ੍ਹਾਂ ਵਿਚ ਲੁਧਿਆਣਾ (ਐਲੀਮੈਂਟਰੀ ਤੇ ਸੈਕੰਡਰੀ ਦੋਵੇਂ) ਗੁਰਦਾਸਪੁਰ, ਐੱਸਏਐੱਸ ਨਗਰ ਅਤੇ ਫ਼ਤਿਹਗੜ੍ਹ ਸਾਹਿਬ ਸਬੰਧਤ ਹਨ। ਪਤਾ ਚੱਲਿਆ ਹੈ ਕਿ ਵਿਭਾਗ ਇਨ੍ਹਾਂ ਦੀਆਂ ਸਿਰਫ਼ ਸੇਵਾਵਾਂ ਲਵੇਗਾ ਜਿਸ ਦਾ ਇਨ੍ਹਾਂ ਨੂੰ ਕੋਈ ਮਿਹਨਤਾਨਾ ਨਹੀਂ ਮਿਲੇਗਾ।

ਸਰਕਾਰੀ ਹੁਕਮਾਂ ’ਚ ਬੰਨ੍ਹੇ ਸੇਵਾਮੁਕਤ ਅਫ਼ਸਰ ਹੁਣ ਇਹ ਸੋਚ ਰਹੇ ਹਨ ਕਿ ਕਿ੍ਸ਼ਨ ਕੁਮਾਰ ਦੇ ਹੁਕਮਾਂ ਨੂੰ ਆਖਰ ਟਾਲਣ ਕਿੱਦਾਂ। ਆਪਣੇ ਪੱਤਰ ’ਚ ਸਕੱਤਰ ਸਕੂਲੀ ਸਿੱਖਿਆ ਨੇ ਪ੍ਰਸ਼ੰਸਾ ਕਰਦਿਆਂ ਕਿਹਾ ਹੈ ਕਿ ਸੇਵਾਮੁਕਤ ਡੀਈਓ ਹਿੰਮਤ ਸਿੰਘ ਮੋਹਾਲੀ, ਹਰਦੀਪ ਸਿੰਘ ਗੁਰਦਾਸਪੁਰ, ਸ੍ਰੀਮਤੀ ਰਜਿੰਦਰ ਕੌਰ (ਐਲੀਮੈਂਟਰੀ ਸਿੱਖਿਆ) ਲੁਧਿਆਣਾ, ਸਵਰਨਜੀਤ ਕੌਰ ਸੈਕੰਡਰੀ ਸਿੱਖਿਆ ਲੁਧਿਆਣਾ ਅਤੇ ਦਿਨੇਸ਼ ਕੁਮਾਰ ਐਲੀ. ਸਿੱਖਿਆ ਫ਼ਤਿਹਗੜ੍ਹ ਸਾਹਿਬ ਅਕਾਦਮਿਕ ਸਾਲ 2021-22 ਵਾਸਤੇ ਦਾਖਲਾ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਨਗੇ।

ਤਿੰਨ ਸੂਤਰੀ ਪੱਤਰ ’ਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਅਫ਼ਸਰਾਂ ਦੀ ਦੇਖ-ਰੇਖ ਹੇਠ ਪਹਿਲਾਂ 2020-21 ’ਚ ਪੰਜਾਬ ’ਚ ਰਿਕਾਰਡਤੋੜ ਦਾਖ਼ਲੇ ਹੋਏ ਸਨ, ਤੇ ਹੁਣ ਇਨ੍ਹਾਂ ਦੀ ਸੁਚੱਜੀ ਸੂਝ-ਬੂਝ ਦਾਖ਼ਲਾ ਮੁਹਿੰਮ ਲਈ ਲੋੜੀਂਦੀ ਹੈ। ਪੱਤਰ ਦਾ ਉਤਾਰਾ ਉਪਰੋਕਤ ਅਧਿਆਪਕਾਂ ਤੋਂ ਇਲਾਵਾ ਮੌਜੂਦਾ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਵੀ ਭੇਜਿਆ ਗਿਆ ਹੈ। ਹਾਲਾਂਕਿ ਪੱਤਰ ’ਚ ਇਹ ਕਿਤੇ ਵੀ ਨਹੀਂ ਦੱਸਿਆ ਕਿ ਇਹ ਆਨਰੇਰੀ ਅਫ਼ਸਰਾਂ ਨੂੰ ਜ਼ਿਲ੍ਹੇ ’ਚ ਬਿਠਾਇਆ ਕਿੱਥੇ ਜਾਵੇਗਾ। ਮੰਨਿਆਂ ਜਾ ਰਿਹਾ ਹੈ ਕਿ ਹੁਣ ਇਹ ਅਫ਼ਸਰ ਜ਼ੂਮ ਬੈਠਕਾਂ ਤੋਂ ਇਲਾਵਾ ਗੁਰਦੁਆਰਿਆਂ ’ਚ ਜਾ ਕੇ ਦਾਖ਼ਲਿਆਂ ਵਾਸਤੇ ਸਿੱਖਿਆ ਵਿਭਾਗ ਲਈ ਪ੍ਰਚਾਰ ਕਰਨ ਤੋਂ ਇਲਾਵਾ ਦਾਖ਼ਲਾ ਕਰ ਰਹੀਆਂ ਟੀਮਾਂ ਨੂੰ ਉਤਸ਼ਾਹਿਤ ਕਰਨਗੇ।

Posted By: Jagjit Singh