ਅਰੁਣ ਬੱਧਨ, ਖਰੜ। ਮੋਹਾਲੀ ਦੇ ਖਰੜ 'ਚ ਕੁੱਤੇ ਦੇ 3 ਬੱਚੇ ਬੋਰਵੈੱਲ 'ਚ ਡਿੱਗ ਗਏ, ਉਨ੍ਹਾਂ ਨੂੰ ਬਚਾਉਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਇਹ ਤਿੰਨੇ ਕਤੂਰੇ ਖਰੜ ਦੇ ਪਿੰਡ ਭਾਗੋ ਮਾਜਰਾ ਵਿੱਚ ਬੀਤੀ ਸ਼ੁੱਕਰਵਾਰ ਸ਼ਾਮ ਕਰੀਬ ਪੰਜ ਵਜੇ ਬੋਰਵੈੱਲ ਵਿੱਚ ਡਿੱਗ ਗਏ ਸਨ। 20 ਘੰਟੇ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਨ੍ਹਾਂ ਨੂੰ ਕੱਢਿਆ ਨਹੀਂ ਗਿਆ। ਹਾਲਾਂਕਿ ਇਨ੍ਹਾਂ ਮਾਸੂਮਾਂ ਨੂੰ ਬਚਾਉਣ ਲਈ ਲਗਾਤਾਰ ਅਪਰੇਸ਼ਨ ਚਲਾਇਆ ਜਾ ਰਿਹਾ ਹੈ।

ਕੁੱਤਿਆਂ ਦੇ ਇਹ ਬੱਚੇ 40 ਤੋਂ 50 ਫੁੱਟ ਡੂੰਘੇ ਬੋਰਵੈੱਲ ਦੇ ਟੋਏ ਵਿੱਚ ਫਸ ਗਏ ਹਨ। ਕਤੂਰੇ ਦੇ ਬੋਰਵੈੱਲ ਵਿੱਚ ਡਿੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਸਮਾਜ ਸੇਵੀ ਸੰਸਥਾ ਰੱਬ ਦੇ ਜੀਵ ਐਨ.ਜੀ.ਓ. ਨੂੰ ਦਿੱਤੀ ਗਈ। ਇਸ ਤੋਂ ਬਾਅਦ ਸੰਸਥਾ ਦੀ ਪ੍ਰਧਾਨ ਮੀਨਾਕਸ਼ੀ ਮਲਿਕ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੀ ਅਤੇ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਮੌਕੇ 'ਤੇ ਭੇਜਿਆ ਗਿਆ। ਰਾਤ ਡੇਢ ਵਜੇ ਤਕ ਬਚਾਅ ਕਾਰਜ ਜਾਰੀ ਰਿਹਾ ਪਰ ਤਿੰਨਾਂ ਕਤੂਰਿਆਂ ਨੂੰ ਬਾਹਰ ਕੱਢਣ ਵਿੱਚ ਸਫਲਤਾ ਨਹੀਂ ਮਿਲੀ।

ਇਸ ਤੋਂ ਬਾਅਦ ਸੰਸਥਾ ਦੀ ਪ੍ਰਧਾਨ ਮੀਨਾਕਸ਼ੀ ਮਲਿਕ ਨੇ ਅੱਜ ਸਵੇਰੇ ਪਸ਼ੂ ਪ੍ਰੇਮੀ ਅਤੇ ਭਾਜਪਾ ਸੰਸਦ ਮੈਂਬਰ ਮੇਨਕਾ ਗਾਂਧੀ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮੇਨਕਾ ਗਾਂਧੀ ਨੇ ਖਰੜ ਦੇ ਐਸਡੀਐਮ ਨੂੰ ਕਿਹਾ ਕਿ ਉਹ ਬੋਰਵੈੱਲ ਵਿੱਚ ਡਿੱਗੇ ਕੁੱਤੇ ਦੇ ਬੱਚਿਆਂ ਨੂੰ ਬਚਾਉਣ ਲਈ ਤੁਰੰਤ ਟੀਮ ਭੇਜਣ। ਇਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਇੱਕ ਜੇਸੀਬੀ ਨੂੰ ਮੌਕੇ ’ਤੇ ਭੇਜਿਆ ਗਿਆ। ਜੇਸੀਬੀ ਨਾਲ ਬੋਰਵੈੱਲ ਦੀ ਖੁਦਾਈ ਦਾ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਹੀ NDRF ਟੀਮ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ NDRF ਦੀ ਟੀਮ ਕੁਝ ਸਮੇਂ 'ਚ ਪੁੱਜਣ ਵਾਲੀ ਹੈ।

ਇਸ ਦੇ ਨਾਲ ਹੀ ਸਮਾਜਿਕ ਸੰਸਥਾ ਦੇ ਮੈਂਬਰ ਬੋਰਵੈੱਲ ਦੇ ਟੋਏ ਵਿੱਚ ਫਸੇ ਇਨ੍ਹਾਂ ਕਤੂਰਿਆਂ ਨੂੰ ਬਚਾਉਣ ਲਈ ਪਾਈਪ ਰਾਹੀਂ ਦੁੱਧ ਅਤੇ ਬਿਸਕੁਟ ਪਾ ਰਹੇ ਹਨ, ਤਾਂ ਜੋ ਭੁੱਖ ਕਾਰਨ ਉਨ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ।

ਫਸੇ ਹੋਏ ਕਤੂਰੇ ਨੂੰ ਬਚਾਉਣ ਵਿੱਚ ਵੀ ਜ਼ਿਆਦਾ ਸਮਾਂ ਲੱਗ ਰਿਹਾ ਹੈ ਕਿਉਂਕਿ ਬਚਾਅ ਟੀਮ ਕੋਲ ਉਨ੍ਹਾਂ ਨੂੰ ਜਲਦੀ ਹੀ ਬੋਰਵੈੱਲ ਵਿੱਚੋਂ ਬਾਹਰ ਕੱਢਣ ਲਈ ਲੋੜੀਂਦਾ ਸਾਮਾਨ ਨਹੀਂ ਹੈ। ਜਾਣਕਾਰੀ ਅਨੁਸਾਰ ਤਿੰਨੋਂ ਕਤੂਰੇ 10-12 ਦਿਨ ਦੇ ਦੱਸੇ ਜਾਂਦੇ ਹਨ ਅਤੇ ਉਨ੍ਹਾਂ ਦੇ ਬੋਰਵੈੱਲ ਦੇ ਅੰਦਰੋਂ ਲਗਾਤਾਰ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਅਜੇ ਜ਼ਿੰਦਾ ਹਨ।

ਐਸਡੀਐਮ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਬੋਰਵੈੱਲ ਵਿੱਚ ਟੋਏ ਵਿੱਚ ਫਸੇ ਤਿੰਨ ਛੋਟੇ ਕਤੂਰਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਖੁਦਾਈ ਲਈ ਜੇਸੀਬੀ ਮਸ਼ੀਨ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਐਨਡੀਆਰਐਫ ਟੀਮ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਇਹ ਬੋਰਵੈੱਲ ਟੋਇਆ ਪਿੰਡ ਭਾਗੋਮਾਜਰਾ ਦੀ ਸਰਪੰਚ ਕਲੋਨੀ ਵਿੱਚ ਇੱਕ ਘਰ ਦੇ ਬਾਹਰ ਪੁੱਟਿਆ ਗਿਆ ਹੈ ਅਤੇ ਇਹ ਘਰ ਸੰਦੀਪ ਨਾਮਕ ਵਿਅਕਤੀ ਦਾ ਦੱਸਿਆ ਜਾ ਰਿਹਾ ਹੈ।

Posted By: Ramanjit Kaur